ਲੋਕਪਾਲ ਨੇ ਹੁਣ ਤਕ ਇੱਕ ਵੀ ਵਿਅਕਤੀ ‘ਤੇ ਨਹੀਂ ਚਲਾਇਆ ਮੁਕੱਦਮਾ, ਕੰਮਕਾਜ ਵੀ ਤਸੱਲੀਬਖਸ਼ ਤੋਂ ਬਹੁਤ ਘੱਟ ; ਸੰਸਦੀ ਕਮੇਟੀ ਦੀ ਰਿਪੋਰਟ
ਨਵੀਂ ਦਿੱਲੀ : ਇੱਕ ਸੰਸਦੀ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਨੇ ਹੁਣ ਤੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਇੱਕ ਵੀ ਵਿਅਕਤੀ ਉੱਤੇ ਮੁਕੱਦਮਾ ਨਹੀਂ ਚਲਾਇਆ ਹੈ। ਲੋਕਪਾਲ ਦਾ ਕੰਮਕਾਜ ਤਸੱਲੀਬਖਸ਼ ਤੋਂ ਕਿਤੇ ਘੱਟ ਹੈ। ਕਮੇਟੀ ਨੇ ਲੋਕਪਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਰੋਕੂ ਦੀ ਬਜਾਏ ਸਮਰਥਕ ਵਜੋਂ ਕੰਮ ਕਰੇ।
ਪਰਸੋਨਲ, ਪਬਲਿਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ, ਜੋ ਹਾਲ ਹੀ ਵਿੱਚ ਸੰਸਦ ਵਿੱਚ ਪੇਸ਼ ਕੀਤੀ ਗਈ ਸੀ, ਵਿੱਚ ਕਿਹਾ ਗਿਆ ਹੈ ਕਿ ਲੋਕਪਾਲ ਨੇ ਕੁਝ ਸ਼ਿਕਾਇਤਾਂ ਦਾ ਨਿਪਟਾਰਾ ਇਸ ਆਧਾਰ ‘ਤੇ ਕੀਤਾ ਕਿ ਉਹ ਨਿਰਧਾਰਤ ਫਾਰਮੈਟ ਵਿੱਚ ਨਹੀਂ ਸਨ। ਕਮੇਟੀ ਨੇ ਲੋਕਪਾਲ ਨੂੰ ਸੱਚੀਆਂ ਸ਼ਿਕਾਇਤਾਂ ਨੂੰ ਖਾਰਜ ਨਾ ਕਰਨ ਲਈ ਕਿਹਾ। ਕਮੇਟੀ ਨੇ ਪਿਛਲੇ ਸਾਲ ਮਈ ਤੋਂ ਲੋਕਪਾਲ ਦੇ ਚੇਅਰਪਰਸਨ ਦਾ ਅਹੁਦਾ ਨਾ ਭਰੇ ਜਾਣ ਦਾ ਮੁੱਦਾ ਵੀ ਉਠਾਇਆ ਸੀ। ਇਸ ਦੇ ਨਾਲ ਹੀ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਰਕਾਰ ਤੋਂ ਕਾਰਵਾਈ ਦੀ ਰਿਪੋਰਟ ਵੀ ਮੰਗੀ ਗਈ ਹੈ।
ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਲੋਕਪਾਲ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੋਕਪਾਲ ਨੂੰ ਜਨਤਕ ਜੀਵਨ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਇੱਕ ਕਾਨੂੰਨੀ ਅਤੇ ਸੰਸਥਾਗਤ ਵਿਧੀ ਵਜੋਂ ਬਣਾਇਆ ਗਿਆ ਸੀ। ਪਰ ਲੋਕਪਾਲ ਦੀ ਕਾਰਗੁਜ਼ਾਰੀ ਤਸੱਲੀਬਖਸ਼ ਤੋਂ ਕੋਹਾਂ ਦੂਰ ਹੈ। ਕਮੇਟੀ ਦਾ ਵਿਚਾਰ ਹੈ ਕਿ ਲੋਕਪਾਲ ਦੀ ਸਥਾਪਨਾ ਸਵੱਛ ਅਤੇ ਜਵਾਬਦੇਹ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ, ਇਸ ਲਈ ਇਸਨੂੰ ਇੱਕ ਸਮਰਥਕ ਵਜੋਂ ਕੰਮ ਕਰਨਾ ਚਾਹੀਦਾ ਹੈ ਨਾ ਕਿ ਰੁਕਾਵਟ ਦੇ ਤੌਰ ‘ਤੇ।
191 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਭਾਰਤ ਜੀ-20 ਦੇ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀ ਅਗਵਾਈ ਕਰ ਰਿਹਾ ਹੈ। ਅਜਿਹੇ ਵਿੱਚ ਲੋਕਪਾਲ ਨੂੰ ਅੱਗੇ ਵਧ ਕੇ ਦੇਸ਼ ਦੇ ਮਾਹੌਲ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮਾਹੌਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਵਰਨਣਯੋਗ ਹੈ ਕਿ ਸਾਲ 2022-23 ਵਿੱਚ ਲੋਕਪਾਲ ਨੂੰ 2518 ਸ਼ਿਕਾਇਤਾਂ ਮਿਲੀਆਂ ਸਨ ਜੋ ਨਿਰਧਾਰਿਤ ਫਾਰਮੈਟ ਵਿੱਚ ਨਹੀਂ ਸਨ। ਇਸ ਸਮੇਂ ਦੌਰਾਨ ਕੇਵਲ 242 ਸ਼ਿਕਾਇਤਾਂ ਨਿਰਧਾਰਿਤ ਫਾਰਮੈਟ ਵਿੱਚ ਸਨ ਅਤੇ ਇਨ੍ਹਾਂ ਵਿੱਚੋਂ 191 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।