ਕਵਿਤਾ (ਗੁਰਜੀਤ ਕੌਰ ਬਡਾਲੀ)
ਫਲਸਫਿਆਂ ਦੀ ਦੁਨੀਆਂ
ਬਵਾਲ ਬੜੇ ਕਰਦੀ….
ਜਵਾਬ ਸੁਣਨਾ ਨਹੀਂ ਚਾਹੁੰਦੀ
ਪਰ ਸਵਾਲ ਬੜੇ ਕਰਦੀ…..
ਅਖੇ ਤੂੰ ਅੰਮ੍ਰਿਤ ਵੇਲੇ ਉੱਠ
ਸਿਜਦੇ ਨਹੀਂ ਕਰਦੀ…?
ਕਿਉੰ ਕਦੇ ਪੈਰ ਉਹਦੀ
ਚੌਖਟ ‘ਤੇ ਨਹੀਂ ਧਰਦੀ..?
ਕੀ ਤੂੰ ਨਾਸਤਿਕ ਐਂ ?
ਜਾਂ ਤੂੰ ਰੱਬ ਤੋਂ ਨਹੀਂ ਡਰਦੀ?
ਪਰ ਸਰਘੀ ਵੇਲੇ ਅਜੇ ਜਦੋਂ
ਚਾਨਣ ਹੋ ਰਿਹਾ ਹੁੰਦੈ…..
ਡਰ! ਉਹ ਤਾਂ ਮੇਰੇ ਅੰਦਰ
ਕਿਧਰੇ ਸੌ ਰਿਹਾ ਹੁੰਦੈ….
ਮੈਂ ਅੰਬਰੋ ਉੱਤਰਦੇ ਹਰਫ਼ਾਂ
ਨੂੰ ਸਮੇਟ ਰਹੀ ਹੁੰਦੀ ਆ…
ਜਿਵੇਂ ਕੋਈ ਆਪਣੇ ਬੱਚਿਆਂ
ਨੂੰ ਨਜ਼ਰ ਤੋਂ ਲਕੋ ਰਿਹਾ ਹੁੰਦੈ….
ਮੈਂ ਉਹਨੂੰ ਲੱਭਣ ਕਿਧਰੇ ਬਾਹਰ
ਕਿਉੰ ਜਾਵਾਂ….
ਕਿਸੇ ਮੰਦਿਰ ਮਸੀਤਿ ਗਿਰਜਾਘਰ
ਮੈਂ ਪੈਰ ਹੀ ਕਿਉੰ ਪਾਵਾਂ…..
ਮੈਂ ਚਿਣ ਚਿਣ ਰੱਖਦੀ ਆ
ਜਦੋਂ ਕਿਧਰੇ ਅੱਖਰਾਂ ਨੂੰ
ਉਹ ਤੇ ਖ਼ੁਦ ਕੋਲ਼ ਬੈਠਾ ਮੇਰੇ
ਹਰਫਾਂ ‘ਚ ਧਾਗੇ ਪਰੋ ਰਿਹਾ ਹੁੰਦੈ….
ਸਰਘੀ ਵੇਲੇ ਅਜੇ ਜਦੋਂ
ਚਾਨਣ ਹੋ ਰਿਹਾ ਹੁੰਦੈ…..
✒️ ਗੁਰਜੀਤ ਕੌਰ ਬਡਾਲੀ