ਟਾਪ ਨਿਊਜ਼ਪੰਜਾਬ

ਪੰਜਾਬ ਆ ਕੇ ਕੇਜਰੀ ਨੇ ਮਾਰੀਆਂ ਬੜ੍ਹਕਾਂ, ਕਿਹਾ- ਮਾਹੌਲ ਖ਼ਰਾਬ ਕਰਨ ਵਾਲੇ ਲੁਕ-ਲੁਕ ਕੇ ਭੱਜ ਰਹੇ ਨੇ

ਜਲੰਧਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਾਂਗ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਿੰਨੀਆਂ ਸਰਕਾਰਾਂ ਆਈਆਂ ਪਰ ਕਿਸੇ ਸਰਕਾਰ ਨੇ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ। ਕਿਸੇ ਸਰਕਾਰ ਨੇ ਸਕੂਲ ਨਹੀਂ ਬਣਵਾਏ, ਗਰੀਬਾਂ ਅਤੇ ਐੱਸ. ਸੀ. ਵਰਗ ਦੇ ਬੱਚਆਂ ਨੂੰ ਮਜਬੂਰੀ ਵਸ ਸਰਕਾਰੀ ਸਕੂਲਾਂ ’ਚ ਭੇਜਣਾ ਪੈਂਦਾ ਸੀ। ਦਿੱਲੀ ਵਿਚ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਗਿਆ, ਹੁਣ ਦਿੱਲੀ ਵਿਚ ਦਲਿਤਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਡਾਕਟਰ ਇੰਜੀਨੀਅਰ ਬਣ ਰਹੇ ਹਨ। ਭਗਵੰਤ ਮਾਨ ਸਰਕਾਰ ਨੇ ਵੀ ਪੰਜਾਬ ਵਿਚ ਸਰਕਾਰੀ ਸਕੂਲਾਂ ਦਾ ਕਾਇਆਕਲਪ ਕਰਨਾ ਸ਼ੁਰੂ ਕਰ ਦਿੱਤਾ ਹੈ। ਅਗਲੇ ਪੰਜ ਸਾਲ ਵਿਚ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਕਰ ਦਿੱਤਾ ਜਾਵੇਗਾ। ਅਰਵਿੰਦ ਕੇਜਰੀਵਾਲ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ’ਤੇ ਰਿਸਰਚ ਕਰਨ ਲਈ ਖੋਲ੍ਹੇ ਰਿਸਰਚ ਸੈਂਟਰ ਦਾ ਉਦਘਾਟਨ ਕਰਨ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਪਹੁੰਚੇ ਹੋਏ ਸਨ।

ਅੱਗੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਕਿਸੇ ਕੀਮਤ ’ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ। ਕਈ ਵਾਰ ਸਖ਼ਤ ਫੈਸਲੇ ਲੈਣੇ ਪੈਂਦੇ ਹਨ। ਜੇ ਸ਼ਾਂਤੀ ਬਣਾਈ ਰੱਖਣ ਲਈ ਸਖ਼ਤ ਫੈਸਲੇ ਲੈਣੇ ਵੀ ਪਏ ਉਹ ਵੀ ਲਵਾਂਗੇ। ਮਾਨ ਨੇ ਬਿਨਾਂ ਇਕ ਵੀ ਗੋਲ਼ੀ ਚਲਾਏ ਕਾਨੂੰਨ ਵਿਵਸਥਾ ਕਾਇਮ ਰੱਖੀ। ਮਾਹੌਲ ਖਰਾਬ ਕਰਨ ਵਾਲੇ ਅੱਜ ਲੁੱਕ-ਲੁੱਕ ਭੱਜ ਰਹੇ ਹਨ। ਪੰਜਾਬ ਵਿਚ ਨਸ਼ਾ ਵੇਚਣ ਵਾਲੇ ਵੀ ਭੱਜ ਰਹੇ। ਜਦੋਂ ਲੋਕ ਸਰਕਾਰ ਤੇ ਪੁਲਸ ਦਾ ਸਾਥ ਦੇਣਗੇ ਤਾਂ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਨਸ਼ਾ ਵੇਚ ਸਕੇ। ਕੇਜਰੀਵਾਲ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਸਾਡੀ ਸਰਕਾਰ ਬਣੀ ਤਾਂ ਵੱਡੇ-ਵੱਡੇ ਗੈਂਗਸਟਰਾਂ ਦੀ ਵੱਡੇ-ਵੱਡੇ ਲੀਡਰਾਂ ਨਾਲ ਸੈਟਿੰਗ ਸੀ ਪਰ ਸਾਡੀ ਸਰਕਾਰ ਦੀ ਕਿਸੇ ਨਾਲ ਕੋਈ ਸੈਟਿੰਗ ਨਹੀਂ, ਇਸੇ ਲਈ ਪਿਛਲੇ ਇਕ ਸਾਲ ਵਿਚ ਵੱਡੇ-ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕਿਆ ਗਿਆ। ਅਸੀਂ ਬੱਚਿਆਂ ਦੇ ਹੱਥਾਂ ਵਿਚ ਨੌਕਰੀਆਂ, ਕੰਪਿਊਟਰ ਦੇਣੇ ਹਨ ਨਾ ਕਿ ਬੰਦੂਕਾਂ ਤੇ ਨਸ਼ਾ ਦੇਣਾ ਹੈ। ਕਿਸੇ ਵੀ ਹਾਲਤ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਪਿਛਲੀਆਂ ਸਰਕਾਰਾਂ ਵਿਚ ਅਧਿਆਪਕ, ਡਾਕਟਰ ਪਾਣੀਆਂ ਦੀਆਂ ਟੈਂਕੀਆਂ ’ਤੇ ਚੜ੍ਹੇ ਰਹਿੰਦੇ ਸਨ ਪਰ ਸਾਡੀ ਸਰਕਾਰ ਵਿਚ ਕੋਈ ਵੀ ਟੈਂਕੀਆਂ ’ਤੇ ਨਹੀਂ ਚੜ੍ਹਿਆ। ਹੌਲੀ ਹੌਲੀ ਪੰਜਾਬ ਪੱਟੜੀ ’ਤੇ ਆ ਰਿਹਾ ਹੈ।

ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਜੋ ਸੱਚਖੰਡ ਬੱਲਾਂ ਨਤਮਸਤਕ ਹੋਣ ਪਹੁੰਚਿਆ ਹਾਂ ਅਤੇ ਗੁਰੂ ਜੀ ਦੀ ਬਾਣੀ ’ਤੇ ਕੀਤੇ ਜਾ ਰਹੇ ਅਧਿਐਨ ਲਈ ਰਿਸਰਚ ਸੈਂਟਰ ਦੇ ਉਦਘਾਟਨ ਵਿਚ ਸ਼ਾਮਲ ਹੋਇਆ ਹਾਂ। ਇਸ ਰਿਸਰਚ ਸੈਂਟਰ ਜ਼ਰੀਏ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਨੂੰ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਜ਼ਿੰਦਗੀ ਵਿਚ ਸਭ ਤੋਂ ਵੱਧ ਮਹੱਤਵ ਸਿੱਖਿਆ ਨੂੰ ਦਿੱਤਾ। ਬਾਬਾ ਸਾਹਿਬ ਬਹੁਤ ਗਰੀਬ ਪਰਿਵਾਰ ਤੋਂ ਸਨ। ਉਨ੍ਹਾਂ ਨੇ ਇਕ ਪੀ. ਐੱਚ. ਡੀ. ਅਮਰੀਕਾ ਅਤੇ ਇਕ ਲੰਡਨ ਵਿਚ ਕੀਤੀ। ਉਹ ਸਾਡੇ ਦੇਸ਼ ਦੇ ਕਾਨੂੰਨ ਮੰਤਰੀ ਬਣੇ ਅਤੇ ਸੰਵਿਧਾਨ ਲਿਖਿਆ। ਅੱਜ ਭਾਰਤ ਦੇ ਸੰਵਿਧਾਨ ਨੂੰ ਪੂਰੀ ਦੁਨੀਆ ਮੰਨਦੀ ਹੈ। ਬਾਬਾ ਸਾਹਿਬ ਆਖਦੇ ਸਨ ਕਿ ਇਕ ਸਮੇਂ ਦੀ ਰੋਟੀ ਘੱਟ ਖਾ ਲਵੋ ਪਰ ਬੱਚਿਆਂ ਨੂੰ ਸਿੱਖਿਆ ਪੂਰੀ ਦਿਓ।

ਪੰਜਾਬ ਵੱਡਾ ਸੂਬਾ ਪਰ ਪੰਜ ਸਾਲਾਂ ਵਿਚ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਕਰਾਂਗੇ। ਸਾਰਿਆਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ। ਸਾਡੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਆਮ ਜਨਤਾ ’ਚੋਂ ਨਿਕਲ ਕੇ ਆਏ ਹਾਂ ਅਤੇ ਲੋਕਾਂ ਦਾ ਦਰਦ ਸਮਝਦੇ ਹਾਂ। ਦਿੱਲੀ ਵਿਚ ਜਿਵੇਂ ਪੰਜ ਸਾਲਾਂ ਵਿਚ ਸਾਰੇ ਸਰਕਾਰੀ ਸਕੂਲ ਸ਼ਾਨਦਾਰ ਬਣਾਏ ਗਏ, ਇਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਸਰਕਾਰੀ ਹਸਪਤਾਲਾਂ ਦਾ ਬਹੁਤ ਬੁਰਾ ਹਾਲ ਹੈ। ਅੱਜ ਇਲਾਜ ਬਹੁਤ ਮਹਿੰਗਾ ਹੋ ਗਿਆ ਹੈ। ਗਰੀਬ ਸਰਕਾਰੀ ਹਸਪਤਾਲਾਂ ਵਿਚ ਜਾਂਦੇ ਹਨ ਪਰ ਉਥੇ ਨਾ ਡਾਕਟਰ ਆਉਂਦੇ ਹਨ, ਨਾ ਮਸ਼ੀਨਾਂ ਸਹੀ ਹਨ ਤੇ ਨਾ ਹੀ ਦਵਾਈਆਂ ਮਿਲਦੀਆਂ ਹਨ। ਅਸੀਂ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲ ਏਅਰ ਕੰਡੀਸ਼ਨ ਬਣਾ ਦਿੱਤੇ, ਉਥੇ ਸਾਰੇ ਟੈਸਟ ਮੁਫਤ ਹੁੰਦੇ ਹਨ, ਸਾਰੀਆਂ ਮਸ਼ੀਨਾਂ ਕੰਮ ਕਰਦੀਆਂ ਹਨ, ਇਲਾਜ ਮੁਫਤ ਹੁੰਦਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਰਕਾਰੀ ਹਸਪਤਾਲਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਇਲਾਜ ਮੁਫਤ ਕੀਤਾ ਜਾਂਦਾ ਹੈ। ਦਿੱਲੀ ਵਿਚ ਪੰਜ ਸਾਲਾਂ ਵਿਚ 550 ਮੁਹੱਲਾ ਕਲੀਨਿਕ ਖੋਲ੍ਹੇ ਗਏ ਪਰ ਮਾਨ ਸਰਕਾਰ ਨੇ ਇਕ ਸਾਲ ਵਿਚ ਹੀ ਪੰਜਾਬ ’ਚ 550 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ। ਪੰਜਾਬ ਵਿਚ ਲੋਕਾਂ ਨੇ ਇਮਾਨਦਾਰ ਸਰਕਾਰ ਬਣਾਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-