ਹੁਣ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਵੀ ਲੱਭਣ ਲੱਗੀ
ਜਲੰਧਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਉਨ੍ਹਾਂ ਦੇ ਘਰੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਦੇ ਮਾਪਿਆਂ ਕੋਲੋਂ ਪਾਸਪੋਰਟ ਸਬੰਧੀ ਜਾਣਕਾਰੀ ਮੰਗੀ ਸੀ ਪਰ ਉਨ੍ਹਾਂ ਕੋਲੋਂ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਪਾਸਪੋਰਟ ਬਾਰੇ ਹੋਰ ਜਾਣਕਾਰੀ ਜੁਟਾਉਣ ਵਿਚ ਲੱਗੇ ਹੋਏ ਹਨ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਪੁਲਸ ਦੀ ਕਾਰਵਾਈ ਨੂੰ ਦੇਖਦਿਆਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਘਰੋਂ ਆਪਣਾ ਪਾਸਪੋਰਟ ਮੰਗਵਾ ਨਾ ਲਿਆ ਹੋਵੇ।
ਪੁਲਿਸ ਅਧਿਕਾਰੀਆਂ ਨੇ ਸਾਰੇ ਹਵਾਈ ਅੱਡਿਆਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਬਾਰੇ ਪੁਲਸ ਦੀ ਕਾਰਵਾਈ ਜਾਰੀ ਹੈ। ਪੰਜਾਬ ਪੁਲਿਸ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਅੰਮ੍ਰਿਤਪਾਲ ਦੇ ਘਰੋਂ ਪਾਸਪੋਰਟ ਕਿਵੇਂ ਗਾਇਬ ਹੋਇਆ, ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਚਲ ਰਹੇ ਹਨ। ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਸ ਨੇ ਅੰਮ੍ਰਿਤਪਾਲ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਘਰ ਫੋਨ ਕਰਕੇ ਪਾਸਪੋਰਟ ਨੂੰ ਕਿਸੇ ਨਿਰਧਾਰਤ ਥਾਂ ’ਤੇ ਭੇਜਣ ਲਈ ਕਿਹਾ ਹੋਵੇਗਾ।
ਕੁਝ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਅੰਮ੍ਰਿਤਪਾਲ ਨੇ ਪਾਸਪੋਰਟ ਆਪਣੇ ਕੋਲ ਹੀ ਰੱਖਿਆ ਹੋ ਸਕਦਾ ਹੈ ਕਿਉਂਕਿ ਉਸ ਨੂੰ ਖ਼ਦਸ਼ਾ ਸੀ ਕਿ ਉਸ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਪੁਲਸ ਅਧਿਕਾਰੀਆਂ ਨੇ ਅੰਮ੍ਰਿਤਪਾਲ ਦੇ ਪਾਸਪੋਰਟ ਸਬੰਧੀ ਉਸ ਦੇ ਮਾਪਿਆਂ ਤੋਂ ਪੁੱਛਗਿੱਛ ਜਾਰੀ ਰੱਖੀ ਹੋਈ ਹੈ। ਪਾਸਪੋਰਟ ਕਿੱਥੇ ਹੈ, ਦਾ ਪਤਾ ਲਾਉਣ ਲਈ ਵਿਸ਼ੇਸ਼ ਪੁਲਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਜੇ ਪਾਸਪੋਰਟ ਅੰਮ੍ਰਿਤਪਾਲ ਕੋਲ ਪਹੁੰਚ ਗਿਆ ਤਾਂ ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੈ।