ਟਾਪ ਨਿਊਜ਼ਪੰਜਾਬ

ਰਾਜਨਾਥ ਤੇ ਡੇਰਾ ਬਿਆਸ ਦੇ ਮੁਖੀ ਦੀ ਮੀਟਿੰਗ

ਬਿਆਸ/ਬਾਬਾ ਬਕਾਲਾ ਸਾਹਿਬ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ ਹਨ। ਜਿਥੇ ਉਨ੍ਹਾਂ ਦਾ ਡੇਰਾ ਬਿਆਸ ਵਿਚਲੇ ਹੈਲੀਪੈਡ ’ਤੇ ਡਾ. ਰਾਜ ਕੁਮਾਰ ਵੇਰਕਾ ਅਤੇ ਸ਼ਵੇਤ ਮਲਿਕ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਰਾਜਨਾਥ ਸਿੰਘ ਰਾਧਾ ਸੁਆਮੀ ਸਤਿਸੰਗ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਅਤੇ ਦੋਵਾਂ ਵਿਚਾਲੇ ਕਰੀਬ ਇਕ ਘੰਟਾ ਬੰਦ ਕਮਰਾ ਮੀਟਿੰਗ ਵੀ ਹੋਈ। ਸੂਤਰਾਂ ਮੁਤਾਬਕ ਰੱਖਿਆ ਮੰਤਰੀ ਸਵੇਰੇ 9.30 ਵਜੇ ਬਿਆਸ ਪਹੁੰਚੇ। ਡੇਰੇ ਦੇ ਅਧਿਕਾਰੀਆਂ ਮੁਤਾਬਕ ਰੱਖਿਆ ਮੰਤਰੀ ਸਤਿਸੰਗ ਸਥਾਨ ‘ਤੇ ਵੀ ਗਏ, ਜਿੱਥੇ ਉਨ੍ਹਾਂ ਨੇ ਕਰੀਬ ਅੱਧਾ ਘੰਟਾ ਬਿਤਾਇਆ। ਬਾਅਦ ਵਿਚ ਉਨ੍ਹਾਂ ਨੇ ਸਤਿਸੰਗ ਦੇ ਲੰਗਰ ਘਰ ਦਾ ਦੌਰਾ ਕੀਤਾ।

ਡੇਰਾ ਬਿਆਸ ਪਹੁੰਚਣ ’ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਰਾਜਨਾਥ ਸਿੰਘ ਦੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਦੇ ਵੱਖ-ਵੱਖ ਹਿੱਸਿਆਂ ਬਾਰੇ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੌਰੇ ’ਤੇ ਆਏ ਰਾਜਨਾਥ ਸਿੰਘ ਦਿੱਲੀ ਤੋਂ ਸਿੱਧੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚੇ। ਇਸ ਤੋਂ ਬਾਅਦ ਉਹ ਸਿੱਧਾ ਡੇਰਾ ਰਾਧਾ ਸਵਾਮੀ ਬਿਆਸ ਲਈ ਰਵਾਨਾ ਹੋਏ। ਅੰਮ੍ਰਿਤਸਰ ਏਅਰਪੋਰਟ ’ਤੇ ਉਨ੍ਹਾਂ ਦਾ ਸਵਾਗਤ ਭਾਜਪਾ ਆਗੂਆਂ ਨੇ ਕੀਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਡੇਰਾ ਬਿਆਸ ਵਿਚ ਇਹ ਪਹਿਲਾ ਦੌਰਾ ਹੈ। ਉਨ੍ਹਾਂ ਦੇ ਇਸ ਦੌਰੇ ਨੂੰ 2024 ਦੀਆਂ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ਪੰਜਾਬ ਵਿਚ ਖੁਦ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ। ਸ਼ਹਿਰਾਂ ਵਿਚ ਹੀ ਨਹੀਂ ਸਗੋਂ ਪੇਂਡੂ ਇਲਾਕਿਆਂ ਵਿਚ ਵੀ ਭਾਜਪਾ ਆਪਣੇ ਪੈਰ ਪਸਾਰ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-