ਜਥੇਦਾਰ ਨੇ ਸਰਕਾਰ ਨੂੰ ਦਿੱਤਾ 24 ਘੰਟਿਆਂ ‘ਚ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਅਲਟੀਮੇਟਮ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਵਿਚਾਰਾਂ ਕਰਨ ਲਈ ਵਿਸ਼ੇਸ਼ ਇਕੱਤਰਤਾ ਬੁਲਾਈ। ਜਿਸ ਵਿੱਚ ਤਕਰੀਬਨ 60 ਤੋਂ 70 ਦੇ ਕਰੀਬ ਚੋਣਵੀਆਂ ਸਿੱਖ ਜਥੇਬੰਦੀਆਂ ਸੰਪ੍ਰਦਾਵਾਂ/ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨ ਨੂੰ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ। ਭਾਵੇਂ ਜਥੇਦਾਰ ਵੱਲੋਂ ਇਸ ਇਕੱਤਰਤਾ ਵਿਚ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਨਹੀਂ ਹੋਣ ਦਾ ਕਿਹਾ ਸੀ, ਪਰ ਫਿਰ ਵੀ ਗੁਰਦੁਆਰਾ ਚੋਣਾਂ ਲੜਣ ਵਾਲੀਆਂ ਪਾਰਟੀਆਂ ਦੇ ਨੁਮਾਇੰਦੇ ਤੇ ਮੈਂਬਰ ਸ਼ਾਮਲ ਹੋਏ। ਇਸ ਦੌਰਾਨ ਜਥੇਦਾਰ ਨੇ ਸਰਕਾਰ ਨੂੰ ਨੌਜਵਾਨਾਂ ਨੂੰ 24 ਘੰਟਿਆਂ ‘ਚ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਹੀਂ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਹੋਵੇਗਾ। ਮੁਖੀਆਂ ਦੇ ਤਿੰਨ ਘੰਟੇ ਤਕ ਵਿਚਾਰ ਸੁਣਨ ਤੋਂ ਬਾਅਦ ਜਥੇਦਾਰ ਨੇ ਪ੍ਰੋਗਰਾਮ ਦਿੱਤਾ। ਜਥੇਦਾਰ ਨੇ ਸਿੱਖ ਸੰਗਤਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਆਪਣੇ ਲਿਖਤੀ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਈ-ਮੇਲ ਆਈਡੀ ‘ਤੇ ਵੀ ਮੰਗੇ ਸਨ। ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ 12 ਵਜੇ ਸ਼ੁਰੂ ਹੋ ਕੇ ਲਗਪਗ 3 ਘੰਟੇ ਚੱਲੀ।

ਮੀਟਿੰਗ ਵਿੱਚ ਲਏ ਗਏ ਮੁੱਖ ਫ਼ੈਸਲੇ

  • 24 ਘੰਟਿਆਂ ਵਿੱਚ ਸਰਕਾਰ ਸਾਡੇ ਨੋਜਵਾਨ ਛੱਡੇ ।
  • ਐਨ ਐਸ ਏ ਸਾਰਿਆਂ ਤੋ ਹਟਾਈ ਜਾਵੇ ।
  • ਹਰੀਕੇ ਤੋ ਜ਼ਬਤ ਕੀਤੀਆਂ ਗੱਡੀਆਂ ਤੇ ਹੋਰ ਵਾਹਨ ਵਾਪਸ ਕਰੇ ਪੁਲਿਸ ।
  • ਗੱਡੀਆਂ ਦੀ ਭੰਨ-ਤੋੜ ਕਰਨ ਵਾਲਿਆਂ ਤੇ ਸ਼੍ਰੌਮਣੀ ਕਮੇਟੀ ਕਰਾਵੇ ਮੁਕੱਦਮਾ ਦਰਜ ।
  • ਜਿਨਾ ਖਾਲਸਾਈ ਨਿਸ਼ਾਨਾਂ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਉਨ੍ਹਾਂ ਨੂੰ ਘਰਾਂ ਤੇ ਝੁਲਾਉਣ ਸਿੱਖ ।
  • ਸਿੱਖ ਪੱਤਰਕਾਰਾਂ ਨੂੰ ਧਮਕਾਉਣਾ ਬੰਦ ਕਰੇ ਪੁਲਿਸ , ਬੰਦ ਕੀਤੇ ਸ਼ੋਸ਼ਲ ਮੀਡੀਆ ਖਾਤੇ ਤੇ ਚੈਨਲ ਤੁਰੰਤ ਚਲਾਏ ਜਾਣ ।
  • ਜਿਨਾ ਚੈਨਲਾਂ ਤੇ ਸਿੱਖਾਂ ਖਿਲਾਫ ਨਫ਼ਰਤ ਫੈਲਾਈ ਗਈ , ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਉਨ੍ਹਾਂ ਤੇ ਅਦਾਲਤੀ ਕਾਰਵਾਈ ਕਰਾਵੇ ।
  • ਸ੍ਰੀ ਅਕਾਲ ਤਖਤ ਸਾਹਿਬ ਤੋ ਕੱਢੀ ਜਾਵੇਗੀ ਖ਼ਾਲਸਾ ਵਹੀਰ ।
  • ਪਹਿਲਾਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ’ਤੇ ਲਾਉ NSA ਫਿਰ ਅਸੀਂ ਵੀ ਝੱਲ ਲਵਾਂਗੇ ।

Leave a Reply

error: Content is protected !!