ਮਾਣ ਵਾਲੀ ਗੱਲ, ਅਮਰੀਕਾ ‘ਚ ਭਾਰਤੀ ਮੂਲ ਦੀ ਸਿੱਖ ਮਨਮੀਤ ਕੋਲਨ ਨੇ ਸਹਾਇਕ ਪੁਲਸ ਮੁਖੀ ਵਜੋਂ ਚੁੱਕੀ ਸਹੁੰ

ਨਿਊਯਾਰਕ: ਭਾਰਤੀ ਮੂਲ ਦੀ ਸਿੱਖ ਮਨਮੀਤ ਕੋਲਨ ਨੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਦੀ ਪਹਿਲੀ ਸਹਾਇਕ ਪੁਲਸ ਮੁਖੀ ਵਜੋਂ ਸਹੁੰ ਚੁੱਕੀ ਹੈ, ਜਿਸ ਨਾਲ ਉਹ ਚੋਟੀ ਦੇ ਸਥਾਨ ‘ਤੇ ਪਹੁੰਚਣ ਵਾਲੀ ਵਿਭਾਗ ਦੀ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ।

ਦਿ ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਨਿਊ ਹੈਵਨ ਵਿੱਚ ਪੁਲਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ 37 ਸਾਲਾ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫ਼ਤਰ ਵਿੱਚ ਲੈਫਟੀਨੈਂਟ ਸੀ। ਮੁੰਬਈ ਵਿੱਚ ਜਨਮੀ ਕੋਲਨ 11 ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਕੁਈਨਜ਼ ਚਲੀ ਗਈ ਅਤੇ ਉਨ੍ਹਾਂ ਨੇ ਨਿਊ ਹੈਵਨ ਯੂਨੀਵਰਸਿਟੀ ਵਿੱਚ ਅਪਰਾਧਿਕ ਨਿਆਂ ਦੀ ਪੜ੍ਹਾਈ ਕੀਤੀ।

ਕੋਲਨ ਨੇ ਉਮੀਦ ਜਤਾਈ ਕਿ ਵਿਭਾਗ ਦੀ ਪਹਿਲੀ ਭਾਰਤੀ-ਅਮਰੀਕੀ ਸਹਾਇਕ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਸਮਾਨ ਪਿਛੋਕੜ ਵਾਲੇ ਹੋਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ। ਦਿ ਨਿਊ ਹੈਵਨ ਇੰਡੀਪੈਂਡੈਂਟ ਵਿੱਚ ਕੋਲਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਮੈਂ ਇੱਕ ਸਿੱਖ ਪਰਿਵਾਰ ਤੋਂ ਆਉਂਦੀ ਹਾਂ। ਮੈਂ ਪੰਜਾਬੀ ਬੋਲਦੀ ਹਾਂ। ਮੈਨੂੰ ਆਪਣੀ ਵਿਰਾਸਤ ‘ਤੇ ਬਹੁਤ ਮਾਣ ਹੈ।” ਕੋਲਨ ਦੀ ਧੀ ਨੇ ਆਪਣੀ ਮਾਂ ਦੀ ਵਰਦੀ ‘ਤੇ ਨਵੇਂ ਸਹਾਇਕ ਪੁਲਸ ਮੁੱਖੀ ਦਾ ਬੈਜ ਲਗਾਇਆ।

Leave a Reply

error: Content is protected !!