ਸਿਡਨੀ ‘ਚ ਸਥਾਪਿਤ ਕੀਤਾ ਗਿਆ ਸਿੱਖ ਸਿਪਾਹੀ ਦਾ ਬੁੱਤ, ਪੂਰੇ ਆਸਟ੍ਰੇਲੀਆ ‘ਚ ਇਹ ਪਹਿਲਾ ਬੁੱਤ

ਸਿਡਨੀ : ਦੁਨੀਆ ਭਰ ਵਿੱਚ ਸਿੱਖ ਫੌਜੀਆਂ ਵੱਲੋਂ ਦਿੱਤੀ ਸ਼ਹਾਦਤ ਨੂੰ ਯਾਦ ਰੱਖਣ ਲਈ ਸਿਡਨੀ ਦੇ ਇਲਾਕੇ ਗਲੈਨਵੁੱਡ ਵਿਖੇ ਸਿੱਖ ਸਿਪਾਹੀ ਦਾ ਬੁੱਤ ਲਗਾਇਆ ਗਿਆ ਹੈ। ਫ਼ਤਿਹ ਫਾਊਡੇਸ਼ਨ ਤੋਂ ਹਰਕੀਰਤ ਸਿੰਘ ਸੰਧਰ, ਅਮਰਿੰਦਰ ਸਿੰਘ ਬਾਜਵਾ ਅਤੇ ਦਵਿੰਦਰ ਸਿੰਘ ਧਾਰੀਆਂ ਨੇ ਦੱਸਿਆ ਕੇ ਇਹ ਬੁੱਤ ਪਹਿਲੀ ਸੰਸਾਰ ਜੰਗ, ਦੂਸਰੀ ਸੰਸਾਰ ਜੰਗ ਅਤੇ ਸਾਰਗੜ੍ਹੀ ਵਿਖੇ ਸਿੱਖ ਸਿਪਾਹੀਆਂ ਦੀ ਦਿੱਤੀ ਸ਼ਹਾਦਤ ਨੂੰ ਯਾਦ ਕਰਾਉਂਦਾ ਰਹੇਗਾ । ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕਾਰਜ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਸੀ। ਪ੍ਰੋਗਰਾਮ ਦਾ ਰਸਮੀ ਅਗਾਜ਼ ਅਮਰਿੰਦਰ ਸਿੰਘ ਬਾਜਵਾ ਨੇ ਕੀਤਾ ਅਤੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਬੁੱਤ ਦੇ ਇਤਿਹਾਸ ‘ਤੇ ਚਾਨਣਾ ਪਾਇਆ।

ਇਸ ਮੌਕੇ ਮੰਚ ਸੰਚਾਲਨ ਵਿਕਰਮ ਗਰੇਵਾਲ਼ ਨੇ ਕੀਤਾ। ਸਿੱਖ ਸਿਪਾਹੀ ਦੇ ਇਸ ਬੁੱਤ ਨੂੰ ਬਲੈਕਟਾਉਨ ਦੇ ਮੇਅਰ ਮਾਣਯੋਗ ਟੋਨੀ ਬਲੀਸਡੇਲ ਨੇ ਲੋਕ ਅਰਪਿਤ ਕੀਤਾ। ਬਿਗਲ ਵਜਾ ਕੇ ਸਾਰੇ ਸਿਪਾਹੀਆਂ ਨੂੰ ਸੱਚੀ ਸ਼ਰਧਾਂਜਲੀ ਦਿਤੀ ਅਤੇ ਇੱਕ ਮਿੰਟ ਦਾ ਮੋਨ ਰੱਖਿਆ ਗਿਆ। ਮੇਅਰ ਨੇ ਕਿਹਾ ਕਿ ਬਲੈਕਟਾਉਨ ਕੌਂਸਲ ਲਈ ਇਸ ਬੁੱਤ ਨੂੰ ਲੋਕ ਅਰਪਿਤ ਕਰਨਾ ਮਾਣ ਦੀ ਗੱਲ ਹੈ। ਫ਼ਤਿਹ ਫਾਊਡੇਸ਼ਨ ਤੋਂ ਹਰਕੀਰਤ ਸਿੰਘ ਸੰਧਰ ਨੇ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਹਿਲੀ ਕਿਤਾਬ ਲਿਖਦਿਆਂ ਉਹਨਾਂ ਨੇ ਪੂਰੇ ਆਸਟ੍ਰੇਲੀਆ ਨੂੰ ਘੁੰਮਿਆ ਅਤੇ ਮਹਿਸੂਸ ਕੀਤਾ ਕੇ ਸਿੱਖਾਂ ਦੀ ਹੋਂਦ ਨੂੰ ਦਰਸਾਉਂਦਾ ਸਥਾਨ ਨਹੀਂ ਹੈ । 2018 ਤੋਂ ਲਿਆ ਹੋਇਆ ਸੁਪਨਾ ਅੱਜ ਸਾਕਾਰ ਹੋੲਆ ਹੈ।

ਸੰਧਰ ਨੇ ਇਹ ਵੀ ਦੱਸਿਆ ਕਿ ਸੰਸਾਰ ਜੰਗ ਵੇਲੇ 12 ਲੱਖ ਤੋਂ ਉੱਪਰ ਜਿੱਥੇ ਭਾਰਤੀ ਇਸ ਜੰਗ ਦਾ ਹਿੱਸਾ ਬਣੇ ਉੱਥੇ ਬਰਤਾਨਵੀ ਫੌਜ ਵਿੱਚ 22% ਪੰਜਾਬੀ ਸਨ। ਸਿੱਖਾਂ ਦੇ ਆਸਟ੍ਰੇਲੀਆ ‘ਚ ਕੀਤੇ ਮਹੱਤਵਪੂਰਨ ਕਾਰਜਾਂ ਦੀ ਇਕ ਤਖ਼ਤੀ ਵੀ ਬੁੱਤ ‘ਤੇ ਲਗਾਈ ਹੈ। ਸ਼ਬਦ ਕੀਰਤਨ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਗੁਰੂ ਸਾਹਿਬ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਫ਼ਤਿਹ ਫਾਊਡੇਸ਼ਨ ਦੇ ਇਸ ਵਿਸ਼ੇਸ਼ ਕਾਰਜ ਨੂੰ ਵਧਾਈ ਦੇਣ ਲਈ ਮਾਣਯੋਗ ਡੇਵਿਡ ਸ਼ੋਅਬ੍ਰਿਜ , ਕੋਂਸਲਰ ਮਨਿੰਦਰ ਸਿੰਘ, ਕੌਂਸਲਰ ਕੁਸ਼ਪਿੰਦਰ ਕੌਰ ਅਤੇ ਹੋਰ ਮਾਣਯੋਗ ਸ਼ਖਸ਼ੀਅਤਾਂ ਹਾਜ਼ਰ ਹੋਈਆਂ।

ਜ਼ਿਕਰਯੋਗ ਹੈ ਕਿ ਬਲੈਕਟਾਊਨ ਕੌਂਸਲ ਦੇ ਸਹਿਯੋਗ ਦੇ ਸਦਕਾ ਇਹ ਯਾਦਗਾਰ ਬਣਨੀ ਸੰਭਵ ਹੋ ਸਕੀ ਹੈ ਜਿਸ ਦੇ ਲਈ ਫਤਿਹ ਫਾਉਂਡੇਸ਼ਨ ਨੂੰ ਕਰੀਬ ਚਾਰ ਸਾਲ ਦੇ ਕਰੀਬ ਚਾਰਾਜੋਈ ਕਰਨੀ ਪਈ ਤੇ ਵੱਖ-ਵੱਖ ਪੱਖ ਤੇ ਇਤਿਹਾਸਿਕ ਤੱਥ ਪੇਸ਼ ਕਰਨੇ ਪਏ ਤਾਂ ਕਿਤੇ ਜਾ ਕੇ ਇਹ ਯਾਦਗਾਰ ਬਨਣੀ ਸੰਭਵ ਹੋ ਪਾਈ। ਫਤਿਹ ਫਾਊਂਡੇਸ਼ਨ ਨੇ ਕਿਹਾ ਕਿ ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਕਰੇਗਾ ਉਥੇ ਸਿੱਖਾਂ ਦੇ ਆਸਟ੍ਰੇਲੀਆ ਦੇ ਵਿੱਚ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ।

ਦੱਸਣਯੋਗ ਹੈ ਕਿ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਹਜ਼ਾਰਾਂ ਭਾਰਤੀ ਸਿੱਖ ਫੌਜੀ ਸ਼ਹੀਦ ਹੋਏ ਸਨ ਪਰ ਉਹ ਇਤਹਾਸ ਦੇ ਪੰਨਿਆਂ ‘ਚ ਗੁਆਚ ਗਏ ਸਨ ਤੇ ਉਨ੍ਹਾਂ ਦੀ ਬਹਾਦਰੀ ਨੂੰ ਕਦੀ ਵੀ ਬਣਦਾ ਸਨਮਾਨ ਹਾਸਲ ਨਾ ਹੋਇਆ। ਫਤਿਹ ਫਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਿੱਖ ਫ਼ੌਜੀਆਂ ਦੀ ਬਣਨ ਵਾਲੀ ਇਹ ਯਾਦਗਾਰ ਹਮੇਸ਼ਾਂ ਸਾਡੇ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ।

Leave a Reply

error: Content is protected !!