ਫ਼ੁਟਕਲ

ਜਲੰਧਰ ’ਚ ਵੱਡੀ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਬੇਰਹਿਮੀ ਨਾਲ ਪ੍ਰੇਮਿਕਾ ਦਾ ਕੀਤਾ ਕਤਲ

ਜਲੰਧਰ: ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿਚ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਮਹਿਲਾ ਦਾ ਉਸ ਦੇ ਪ੍ਰੇਮੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਸੁਮਨ ਵਾਸੀ ਸੰਤੋਖਪੁਰਾ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਤਲਾਕ ਹੋ ਚੁੱਕਾ ਸੀ ਪਰ ਉਸ ਦਾ ਪ੍ਰੇਮੀ ਪਿਛਲੇ ਦੋ ਸਾਲ ਉਸ ਦੇ ਨਾਲ ਰਹਿ ਰਿਹਾ ਸੀ। ਮਹਿਲਾ ਦਾ 8 ਸਾਲਾ ਬੇਟਾ ਵੀ ਹੈ, ਜੋ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ।

ਮਿਲੀ ਜਾਣਕਾਰੀ ਮੁਤਾਬਕ ਪ੍ਰੇਮੀ ਨੇ ਪਹਿਲਾਂ ਪ੍ਰੇਮਿਕਾ ਦੇ ਪੁੱਤਰ ਨੂੰ ਬਹਾਨੇ ਨਾਲ ਘਰੋਂ ਬਾਹਰ ਭੇਜਿਆ ਅਤੇ ਫਿਰ ਉਸ ਦਾ ਕਤਲ ਕਰਕੇ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਮਹਿਲਾ ਦੇ ਗਲੇ ’ਤੇ ਚੁੰਨੀ ਦੇ ਨਿਸ਼ਾਨੇ ਸਨ, ਜਿਸ ਤੋਂ ਜਾਪਦਾ ਹੈ ਕਿ ਉਸ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੋ ਸਕਦਾ ਹੈ। ਮੁਲਜ਼ਮ ਡਾਊਨ ਸੀਲਿੰਗ ਦਾ ਠੇਕੇਦਾਰ ਹੈ। ਜਿਵੇਂ ਹੀ ਮਹਿਲਾ ਦਾ ਪੁੱਤਰ ਵਾਪਸ ਆਇਆ ਤਾਂ ਉਸ ਨੇ ਮਾਂ ਦੀ ਲਾਸ਼ ਦੇਖ ਕੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਨੇੜਲੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਉਧਰ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਆ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-