UAE ‘ਚ ਭਾਰਤੀ ਨੇ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਮਗਰੋਂ ਖ਼ੁਦ ਵੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ

ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿੱਚ ਇੱਕ ਭਾਰਤੀ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਅਪਾਰਟਮੈਂਟ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਬੱਚਿਆਂ ਦੀ ਉਮਰ 4 ਅਤੇ 8 ਸਾਲ ਹੈ। ਸ਼ਾਰਜਾਹ ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਮੰਗਲਵਾਰ ਨੂੰ ਸ਼ਾਮ 5.45 ਵਜੇ (ਸਥਾਨਕ ਸਮੇਂ ਮੁਤਾਬਕ) ਘਟਨਾ ਬਾਰੇ ਸੂਚਨਾ ਮਿਲਣ ਤੋਂ ਉਨ੍ਹਾਂ ਨੇ ਤੁਰੰਤ ਪੈਰਾਮੈਡਿਕਸ ਨੂੰ ਮੌਕੇ ‘ਤੇ ਭੇਜਿਆ। ਜਾਂਚ ਅਧਿਕਾਰੀਆਂ ਨੇ ਵਿਅਕਤੀ ਦੀ ਲਾਸ਼ ਕੋਲੋਂ ਇੱਕ ਨੋਟ ਬਰਾਮਦ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਆਪਣੀ ਪਤਨੀ ਅਤੇ 2 ਬੱਚਿਆਂ ਨੂੰ ਮਾਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਕਮਰੇ ਵਿਚ ਪਈਆਂ ਹਨ। ਪੁਲਸ ਨੇ ਕਿਹਾ ਕਿ ਇਸ ਮਗਰੋਂ ਜਾਂਚਕਰਤਾ ਉਸ ਦੇ ਅਪਾਰਟਮੈਂਟ ਵਿੱਚ ਗਏ ਅਤੇ ਦੇਖਿਆ ਕਿ ਚਿੱਠੀ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਸੀ।

ਹਸਪਤਾਲ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਫੋਰੈਂਸਿਕ ਲੈਬਾਰਟਰੀ ਲਿਜਾਇਆ ਗਿਆ। ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਸ ਨੇ ਕੋਈ ਹੋਰ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਰਿਵਾਰ ਪਿਛਲੇ 6 ਮਹੀਨਿਆਂ ਤੋਂ ਬਿਲਡਿੰਗ ਵਿੱਚ ਰਹਿ ਰਿਹਾ ਸੀ। ਅਨੁਮਾਨ ਅਨੁਸਾਰ, ਲਗਭਗ 3,860,000 ਭਾਰਤੀ ਪ੍ਰਵਾਸੀ ਯੂਏਈ ਵਿੱਚ ਰਹਿ ਰਹੇ ਹਨ, ਜੋ ਕਿ ਅਮੀਰਾਤ ਦੀ ਕੁੱਲ ਆਬਾਦੀ ਦਾ 38 ਫ਼ੀਸਦੀ ਤੋਂ ਵੱਧ ਹੈ।

Leave a Reply

error: Content is protected !!