ਮੁੱਖ ਮੰਤਰੀ ਅਕਾਲਤ ਤਖ਼ਤ ਸੰਬੰਧੀ ਕੀਤੀ ਟਵੀਟ ਲਈ ਤੁਰੰਤ ਮਾਫ਼ੀ ਮੰਗਣ- ਐਡਵੋਕੇਟ ਧਾਮੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜ਼ਾਬਤੇ ਅੰਦਰ ਰਹਿਣ ਲਈ ਕਿਹਾ ਹੈ। ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਵਰਤਾਰੇ ਵਿਰੁੱਧ ਸਿੱਖ ਕੌਮ ਵਲੋਂ ਉਠਾਈ ਜਾ ਰਹੀ ਅਵਾਜ਼ ਨੂੰ ਸਰਕਾਰਾਂ ਦਬਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦਾ ਇਕ ਟਵਿੱਟਰ ਪੋਸਟ ਭਾਰਤ ਸਰਕਾਰ ਵਲੋਂ ਦੇਸ਼ ਅੰਦਰ ਬੈਨ ਕੀਤਾ ਗਿਆ ਅਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਇਕ ਟਵੀਟ ਨਿਸ਼ਾਨੇ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵਲੋਂ ਖੇਡੀ ਜਾ ਰਹੀ ਇਸ ਖ਼ੇਡ ਨੂੰ ਤੁਰੰਤ ਬੰਦ ਕਰਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਇਕ ਟਵੀਟ ਰਾਹੀਂ ਕੀਤੀ ਟਿੱਪਣੀ ਦੀ ਵੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਇਸ ਅਵੱਗਿਆ ਲਈ ਸਿੱਖ ਕੌਮ ਤੋਂ ਤੁਰੰਤ ਮੁਆਫ਼ੀ ਮੰਗਣ।