ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ‘ਚ ਪੇਸ਼ ਕੀਤਾ ਭਰੋਸਗੀ ਮਤਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਸਦਨ ‘ਚ ਬਹੁਮਤ ਸਾਬਿਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਵਿਰੋਧੀ ਮੈਂਬਰ ਬੇਭਰੋਸਗੀ ਮਤਾ ਲਿਆਉਣਾ ਚਾਹੁੰਦੇ ਸਨ ਪਰ ਪੂਰੇ ਵਿਧਾਇਕਾਂ ਦਾ ਸਮਰਥਨ ਹਾਸਲ ਨਹੀਂ ਕਰ ਸਕੇ। ਕੇਜਰੀਵਾਲ ਨੇ ਭਰੋਸਗੀ ਮਤਾ ਪੇਸ਼ ਕਰਦੇ ਹੋਏ ਕਿਹਾ,”ਸਾਨੂੰ ਪਤਾ ਲੱਗਾ ਹੈ ਕਿ ਵਿਰੋਧੀ ਮੈਂਬਰ ਸਾਡੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣਾ ਚਾਹੁੰਦੇ ਹਨ। ਬੇਭਰੋਸਗੀ ਮਤਾ ਲਿਆਉਣ ਲਈ ਸਦਨ ਦੇ 20 ਫੀਸਦੀ ਮੈਂਬਰਾਂ ਦੇ ਦਸਤਖ਼ਤ ਦੀ ਲੋੜ ਹੁੰਦੀ ਹੈ। ਦਿੱਲੀ ਵਿਧਾਨ ਸਭਾ ‘ਚ 70 ਮੈਂਬਰ ਹਨ ਯਾਨੀ 14 ਮੈਂਬਰਾਂ ਦੇ ਦਸਤਖ਼ਤ ਦੀ ਲੋੜ ਹੈ।”
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਵਿਰੋਧੀ ਮੈਂਬਰ 14 ਵਿਧਾਇਕਾਂ ਦਾ ਸਮਰਥਨ ਹਾਸਲ ਨਹੀਂ ਕਰ ਸਕੇ। ਕੇਜਰੀਵਾਲ ਨੇ ਕਿਹਾ,”ਉਨ੍ਹਾਂ ਨੇ, ਉਨ੍ਹਾਂ ਨੂੰ ਧਮਕਾਇਆ, ਲਾਲਚ ਦਿੱਤਾ ਪਰ ਕੁਝ ਕੰਮ ਨਹੀਂ ਆਇਆ। ਫਿਰ ਉਨ੍ਹਾਂ ਨੇ ਇਹ ਵਿਚਾਰ ਛੱਡ ਦਿੱਤਾ।” ਕੇਜਰੀਵਾਲ ਨੇ ਕਿਹਾ,”ਇਸ ਦੇ ਜਵਾਬ ‘ਚ, ਮੈਂ ਭਰੋਸਗੀ ਮਤਾ ਪੇਸ਼ ਕਰ ਰਿਹਾ ਹਾਂ।” ਮੁੱਖ ਮੰਤਰੀ ਨੇ ਵਿਰੋਧੀ ਦਲਾਂ ਦੇ ਵਿਧਾਇਕਾਂ ਤੋਂ ਇਸ ‘ਚ ਹਿੱਸਾ ਲੈਣ ਅਤੇ ਆਪਣੇ ਮੁੱਦੇ ਚੁੱਕਣ ਲਈ ਵੀ ਕਿਹਾ।