ਵਿਧਾਇਕਾਂ ਨੂੰ ਕੋਈ ਨਹੀਂ ਪੁੱਛਦਾ, ਪੰਥ ਤੇ ਪੰਜਾਬ ਦੇ ਮਸਲਿਆਂ ਤੋਂ ਬਿਲਕੁਲ ਕੋਰੇ ਹਨ

-ਜ਼ਾਹਿਦਾ ਸੁਲੇਮਾਨ
ਰਾਜ ਸਰਕਾਰ ਨੇ ਜਦ ਕੋਈ ਵੱਡਾ ਫ਼ੈਸਲਾ ਲੈਣਾ ਹੁੰਦਾ ਹੈ ਤਾਂ ਉਹ ਸਰਬ ਪਾਰਟੀ ਮੀਟਿੰਗ ਸੱਦਦੀ ਹੈ ਜਾਂ ਫਿਰ ਘੱਟ ਤੋਂ ਘੱਟ ਅਪਣੀ ਪਾਰਟੀ ਦੇ ਵਿਧਾਇਕਾਂ ਨਾਲ ਤਾਂ ਜ਼ਰੂਰ ਸਲਾਹ-ਮਸ਼ਵਰਾ ਕਰਦੀ ਹੈ ਪਰ ਭਾਈ ਅੰਮ੍ਰਿਤਪਾਲ ਸਿੰਘ ਵਿਰੁਧ ਆਪਰੇਸ਼ਨ ਛੇੜਨ ਬਾਰੇ ਅਜਿਹਾ ਕੁੱਝ ਵੀ ਨਹੀਂ ਕੀਤਾ ਗਿਆ। ਜਿਸ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨਹੀਂ ਬਲਕਿ ਕੋਈ ਹੋਰ ਦੂਰ ਬੈਠੀ ਉੱਚ ਸ਼ਕਤੀ (ਸੁਪਰੀਮ ਪਾਵਰ) ਚਲਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਕ ਇੰਟਰਵਿਊ ਵਿਚ ਆਖਿਆ ਹੈ ਕਿ ਜੇ ਉਸ ਕੋਲ ਇਹ ਮਾਮਲਾ ਹੁੰਦਾ ਤਾਂ ਉਹ ਅੱਧੇ ਘੰਟੇ ਵਿਚ ਹੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਕੇ ਸੁਲਝਾ ਦਿੰਦਾ। ਇਸ ਦਾ ਅਰਥ ਇਹ ਹੋਇਆ ਕਿ ਜਿਹੜਾ ਮਾਮਲਾ ਅੱਧੇ ਘੰਟੇ ਵਿਚ ਸੁਲਝ ਸਕਦਾ ਸੀ, ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਦੀ ਤੇ ਅਮਿਤ ਸ਼ਾਹ ਨਾਲ ਮਿਲ ਕੇ ਦਹਿਸ਼ਤੀ ਤਰੀਕੇ ਨਾਲ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਵਾਸੀ ਹੋਣ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦਾ ਪਹਿਲਾ ਵਿਧਾਇਕ ਹੈ ਜਿਸ ਨੇ ਖੁੱਲ੍ਹ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਬੋਲਣ ਦੀ ਦਲੇਰੀ ਵਿਖਾਈ ਹੈ। ਮੂਲ ਪੰਜਾਬੀ ਵਿਧਾਇਕਾਂ ਨੂੰ ਤਾਂ ਹਾਲੇ ਤੰਦੂਆ ਪਿਆ ਹੋਇਆ ਹੈ। ਉਹ ਬਾਰਵੀਂ ਦੇ ਪੇਪਰ ਦੇਣ, ਵਿਆਹ ਕਰਵਾਉਣ ਅਤੇ ਫ਼ਲੈਕਸਾਂ ਦੇ ਠੇਕੇ ਅਪਣੇ ਚਹੇਤਿਆਂ ਨੂੰ ਦੇਣ ਵਿਚ ਹੀ ਲੱਗੇ ਹੋਏ ਹਨ। ਪੰਜਾਬ ਵਿਚ ਜੋ ਮਰਜ਼ੀ ਹੁੰਦਾ ਰਹੇ, ਨਾ ਤਾਂ ਵਿਧਾਇਕਾਂ ਨੂੰ ਕੋਈ ਕੁੱਝ ਦਸਦਾ ਹੈ ਅਤੇ ਨਾ ਹੀ ਉਹ ਖ਼ੁਦ ਕੁੱਝ ਜਾਣਨਾ ਚਾਹੁੰਦੇ ਹਨ। ਉਹ ਅਪਣੀ ਵਿਧਾਇਕੀ ਦੀ ਖ਼ੁਸ਼ੀ ਵਿਚ ਹੀ ਭੱਜੇ ਫਿਰਦੇ ਹਨ।

Leave a Reply

error: Content is protected !!