ਗ੍ਰੰਥੀ ਸਿੰਘ ਦੀ ਬੁਰੀ ਤਰ੍ਹਾਂ ਵੱਢ-ਟੁੱਕ, ਲੱਤ ਵੱਢ ਕੇ ਨਾਲ ਲੈ ਗਏ ਹਮਲਾਵਰ, ਹਿੰਦੁਸਤਾਨੀ ਮੀਡੀਆ ਇਸ ਮਾਮਲੇ ’ਚ ਚੁੱਪ
ਤਰਨਤਾਰਨ/ਖਡੂਰ ਸਾਹਿਬ: ਪੰਜਾਬ ’ਚ ਆਏ ਨਵੇਂ ਬਦਲਾਅ ਦੇ ਚੱਲਦਿਆਂ ਜ਼ਿਲ੍ਹਾ ਤਰਨਤਾਰਨ ਨੇੜੇ ਇਕ ਦਿਲ ਕੰਬਾਅ ਦੇਣ ਵਾਲੇ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਬੀਤੀ ਦੇਰ ਰਾਤ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਦੀ ਡਿਊਟੀ ਨਿਭਾਅ ਕੇ ਘਰ ਵਾਪਸ ਪਰਤ ਰਹੇ ਗ੍ਰੰਥੀ ਸਿੰਘ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਕਰ ਦਿੱਤਾ। ਹਮਲਾਵਰ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਆਪਣੇ ਨਾਲ ਹੀ ਲੈ ਗਏ। ਗ੍ਰੰਥੀ ਸਿੰਘ ਦੀ ਪਛਾਣ ਕਸਬਾ ਖਡੂਰ ਸਾਹਿਬ ਦੇ ਸੁਖਚੈਨ ਸਿੰਘ ਉਮਰ 55 ਸਾਲ ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ। ਜੋ ਪਿੰਡ ਬਾਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਵਜੋਂ ਤਾਇਨਾਤ ਸੀ ਅਤੇ ਗੁਰਦੁਆਰਾ ਸਾਹਿਬ ’ਚ ਡਿਊਟੀ ਦੇ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਪਿੰਡ ਬਾਣੀਆਂ ਵਿਖੇ ਗ੍ਰੰਥੀ ਦੀ ਡਿਊਟੀ ਕਰਕੇ ਰਾਤ 8 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਿਸ ਆ ਰਹੇ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ, ਹਮਲਾਵਰ ਉਨ੍ਹਾਂ ਦੀ ਲੱਤ ਵੱਢ ਕੇ ਨਾਲ਼ ਲੈ ਗਏ ਅਤੇ ਹਮਲੇ ਦੌਰਾਨ ਉਨ੍ਹਾਂ ਦੇ ਇਕ ਹੱਥ ਦੀਆਂ ਉਂਗਲਾਂ ਵੀ ਵੱਢੀਆਂ ਗਈਆਂ। ਸੁਖਚੈਨ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਿਕ ਮੈਂਬਰਾ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਇਸ ਸਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕੇ ਉਨ੍ਹਾਂ ਵੱਲੋਂ ਮੌਕਾ ਦੇਖਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।