ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਨਾਭਾ: ਨਾਭਾ ਦੇ ਨੇੜਲੇ ਪਿੰਡ ਲਾਹੌਰ ਮਾਜਰਾ ਵਿਖੇ ਇਕ 19 ਸਾਲਾ ਕਮਲਪ੍ਰੀਤ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੜ੍ਹਾਈ ਲਈ ਆਸਟ੍ਰੇਲੀਆ ਜਾਣਾ ਸੀ ਮ੍ਰਿਤਕ ਨੌਜਵਾਨ ਸ਼ਨੀਵਾਰ ਨੂੰ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਜਾ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਵਾਪਸ ਨਾ ਪਰਤਿਆ ਅਤੇ ਐਤਵਾਰ ਸਵੇਰੇ ਪਿੰਡ ਦੇ ਨਜ਼ਦੀਕ ਖੂਨ ਨਾਲ ਲੱਥਪੱਥ ਕਮਲਪ੍ਰੀਤ ਦੀ ਲਾਸ਼ ਮਿਲੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਇਸ ਘਟਨਾ ਤੋਂ ਬਾਅਦ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲਪ੍ਰੀਤ ਸ਼ਨੀਵਾਰ ਨੂੰ ਦੁਪਹਿਰ ਸਮੇਂ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ਵਿਚ ਜਾ ਰਿਹਾ ਹੈ ਪਰ ਦੇਰ ਰਾਤ ਜ਼ਿਆਦਾ ਮੀਂਹ ਹੋਣ ਕਰਕੇ ਉਸ ਦੇ ਪਿਤਾ ਨੇ ਆਪਣੇ ਦੋਸਤ ਕੋਲ ਰੁੱਕਣ ਲਈ ਕਿਹਾ ਪਰ ਸਵੇਰੇ ਪੁੱਤਰ ਦੇ ਕਤਲ ਦੀ ਖ਼ਬਰ ਉਨ੍ਹਾਂ ਕੋਲ ਪਹੁੰਚੀ। ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਦੇ ਕਾਤਲਾਂ ਨੂੰ ਜਲਦ ਫੜਨ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਦਰ ਪੁਲਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਨਾਭਾ ਦੇ ਪਿੰਡ ਲਾਹੌਰ ਮਾਜਰਾ ਦਾ 19 ਸਾਲਾ ਕਮਲਪ੍ਰੀਤ ਨਾਮ ਦਾ ਨੌਜਵਾਨ ਆਪਣੇ ਘਰ ਤੋਂ ਗਿਆ ਸੀ ਪਰ ਸਵੇਰੇ ਉਸ ਦੀ ਲਾਸ਼ ਸੂਏ ਨਜ਼ਦੀਕ ਮਿਲੀ। ਲਾਸ਼ ਨੂੰ ਵੇਖਣ ਤੋਂ ਜਾਪਦਾ ਸੀ ਕਿ ਕਮਲਪ੍ਰੀਤ ਦੀ ਕਿਸੇ ਨਾਲ ਹੱਥੋਪਾਈ ਹੋਈ ਅਤੇ ਉਸ ਦੇ ਕੱਪੜੇ ਪੂਰੀ ਤਰ੍ਹਾਂ ਉਤਾਰੇ ਗਏ ਜਿਸ ਤੋਂ ਕੁਝ ਦੂਰੀ ’ਤੇ ਜਾ ਕੇ ਕਮਲਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਸ਼ਰੀਰ ਦੇ ਸੱਟਾਂ ਦੇ ਨਿਸ਼ਾਨ ਵੀ ਮਿਲੇ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।