ਫੀਚਰਜ਼ਫ਼ੁਟਕਲ

ਭਿਆਨਕ ਹਾਦਸੇ ’ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਐਕਟਿਵਾ ’ਤੇ ਮਾਂ-ਪਿਓ ਦੀ ਦਵਾਈ ਲੈਣ ਜਾ ਰਿਹਾ ਸੀ ਪੁੱਤ

ਮੇਹਟੀਆਣਾ : ਥਾਣਾ ਮੇਹਟੀਆਣਾ ਅਧੀਨ ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ ’ਤੇ ਪਿੰਡ ਸਿੰਬਲੀ ਨੂੰ ਜਾਣ ਵਾਲੇ ਟੀ-ਪੁਆਇੰਟ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ ਥਾਣਾ ਮੇਹਟੀਆਣਾ ਦੇ ਪਿੰਡ ਅਜੜਾਮ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਇਕ ਨੌਜਵਾਨ ਪੁੱਤਰ ਆਪਣੇ ਮਾਂ-ਪਿਓ ਨੂੰ ਦਵਾਈ ਦਿਵਾਉਣ ਲਈ ਲਿਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਸਨੀ ਕੁਮਾਰ ਪੁੱਤਰ ਤਰਸੇਮ ਲਾਲ ਆਪਣੀ ਮਾਤਾ ਚਰਨਜੀਤ ਕੌਰ ਅਤੇ ਪਿਤਾ ਤਰਸੇਮ ਲਾਲ ਨੂੰ ਆਪਣੀ ਐਕਟਿਵਾ ਨੰਬਰ ਪੀ.ਬੀ-07 ਸੀ.ਏ-8222 ’ਤੇ ਆਪਣੇ ਪਿੰਡ ਤੋਂ ਫਗਵਾੜਾ ਵੱਲ ਲਿਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸਿੰਬਲੀ ਦੇ ਟੀ-ਪੁਆਇੰਟ ਨੇੜੇ ਸਾਹਮਣੇ ਤੋਂ ਆ ਰਹੇ ਇਕ ਅਣਪਛਾਤੇ ਵਾਹਨ ਨੇ ਆਪਣੇ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨ ਲੱਗਿਆਂ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਪੁੱਤਰ ਸਣੇ ਮਾਂ-ਪਿਓ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਟੱਕਰ ਮਾਰਨ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਬਾਰੇ ਸੂਚਨਾ ਮਿਲਦੇ ਹੀ ਥਾਣਾ ਮੇਹਟੀਆਣਾ ਤੋਂ ਉਂਕਾਰ ਸਿੰਘ ਏ. ਐੱਸ. ਆਈ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਵਾਹਨ ਦਾ ਪ੍ਰਬੰਧ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਦੀ ਭਾਲ ਵਿਚ ਮੇਹਟੀਆਣਾ ਪੁਲਸ ਵੱਲੋਂ ਰੋਡ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-