‘ਇਹ ਜਹਾਜ਼ ਡਿੱਗ ਜਾਵੇਗਾ’, ਟਵੀਟ ਕਰਨ ਵਾਲੇ ਵਿਦਿਆਰਥੀ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ

ਮੁੰਬਈ: ਮੁੰਬਈ ਪੁਲਸ ਨੇ ਗੁਜਰਾਤ ਤੋਂ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਟਵੀਟ ਕਰ ਕੇ ਦਾਅਵਾ ਕੀਤਾ ਸੀ ਹਵਾਬਾਜ਼ੀ ਕੰਪਨੀ ‘ਅਕਾਸਾ ਏਅਰ’ ਦਾ ਜਹਾਜ਼ ਡਿੱਗ ਜਾਵੇਗਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਟਵੀਟ ਤੋਂ ਬਾਅਦ, ਨਿੱਜੀ ਕੰਪਨੀ ਨੇ ਮੁੰਬਈ ‘ਚ ਹਵਾਈ ਅੱਡਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। 18 ਸਾਲਾ ਵਿਦਿਆਰਥੀ ਨੇ ਟਵੀਟ ਕੀਤਾ ਸੀ,”ਅਕਾਸਾ ਏਅਰ ਬੋਇੰਗ 737 ਮੈਕਸ (ਜਹਾਜ਼) ਡਿੱਗ ਜਾਵੇਗਾ।”

ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਦੌਰਾਨ ਪਤਾ ਲਗਾਇਆ ਕਿ ਟਵੀਟ ਦਾ ‘ਇੰਟਰਨੈੱਟ ਪ੍ਰੋਟੋਕਾਲ’ (ਆਈ.ਪੀ.) ਪਤਾ ਗੁਜਰਾਤ ਦੇ ਸੂਰਤ ਦਾ ਹੈ, ਜਿਸ ਤੋਂ ਬਾਅਦ ਪੁਲਸ ਦੀ ਇਕ ਟੀਮ ਉੱਥੇ ਭੇਜੀ ਗਈ ਅਤੇ 27 ਮਾਰਚ ਨੂੰ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਜਹਾਜ਼ਾਂ ਬਾਰੇ ਜਾਣਨ ‘ਚ ਰੁਚੀ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਅਜਿਹੇ ਪੋਸਟ ਦੇ ਨਤੀਜੇ ਬਾਰੇ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਪੁਲਸ ਨੂੰ ਕਿਹਾ ਕਿ ਉਸ ਦਾ ਇਰਾਦਾ ਅਵਿਵਸਥਾ ਪੈਦਾ ਕਰਨ ਦਾ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਇਕ ਦਿਨ ਦੀ ਹਿਰਾਸਤ ਤੋਂ ਬਾਅਦ ਦੋਸ਼ੀ ਨੂੰ 5 ਹਜ਼ਾਰ ਰੁਪਏ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਉਸ ਦੀਆਂ ਪ੍ਰੀਖਿਆਵਾਂ ਜਾਰੀ ਹਨ।

 

Leave a Reply

error: Content is protected !!