ਆਸਟ੍ਰੇਲੀਆ ‘ਚ ਯਹੂਦੀ ਸਕੂਲ ਦੀ ਸਾਬਕਾ ਪ੍ਰਿੰਸੀਪਲ ਜਿਨਸੀ ਸ਼ੋਸ਼ਣ ਮਾਮਲੇ ‘ਚ ਦੋਸ਼ੀ ਕਰਾਰ
ਮੈਲਬੌਰਨ: ਆਸਟ੍ਰੇਲੀਆ ਵਿਖੇ ਯਹੂਦੀ ਕੁੜੀਆਂ ਦੇ ਇਕ ਸਕੂਲ ਦੀ ਸਾਬਕਾ ਪ੍ਰਿੰਸੀਪਲ ਨੂੰ ਸੋਮਵਾਰ ਨੂੰ ਦੋ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਤੇਲ ਅਵੀਵ ਵਿੱਚ ਜਨਮੀ ਮਲਕਾ ਲੀਫਰ (56) ਨੂੰ 18 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਜਦੋਂ ਕਿ ਨੌਂ ਹੋਰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਮਲਕਾ ਲੀਫਰ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਤਿੰਨੋਂ ਸਾਬਕਾ ਵਿਦਿਆਰਥਣਾਂ ਸਕੀਆਂ ਭੈਣਾਂ ਹਨ। ਮਾਮਲੇ ਦੀ ਸੁਣਵਾਈ ਦੌਰਾਨ ਮਲਕਾ ਲੀਫਰ ਚੁੱਪ ਰਹੀ ਅਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਲੀਫਰ ਨੂੰ ਜਿਹੜੀਆਂ ਦੋ ਸਾਬਕਾ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ, ਉਹ ਫ਼ੈਸਲੇ ਸਮੇਂ ਅਦਾਲਤ ਵਿੱਚ ਮੌਜੂਦ ਸਨ। ਵਕੀਲਾਂ ਨੇ ਦਾਅਵਾ ਕੀਤਾ ਕਿ ਮਲਕਾ ਲੀਫਰ ਨੇ 2003 ਤੋਂ 2007 ਦਰਮਿਆਨ ਏਦਾਸ ਇਜ਼ਰਾਈਲ ਸਕੂਲ ਵਿੱਚ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਏਦਾਸ ਇਜ਼ਰਾਈਲ ਸਕੂਲ ਮੈਲਬੌਰਨ ਵਿੱਚ ਸਥਿਤ ਇੱਕ ਅਤਿ-ਆਰਥੋਡਾਕਸ ਸਕੂਲ ਹੈ। ਜ਼ਿਕਰਯੋਗ ਹੈ ਕਿ 2008 ‘ਚ ਲੀਫਰ ‘ਤੇ ਸਭ ਤੋਂ ਪਹਿਲਾਂ ਦੋਸ਼ ਲੱਗਣ ਤੋਂ ਬਾਅਦ ਉਹ ਇਜ਼ਰਾਈਲ ਭੱਜ ਗਈ ਸੀ। ਜਦੋਂ 2014 ਵਿੱਚ ਉਸਦੇ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਸਨ, ਤਾਂ ਕਈ ਸਾਲਾਂ ਤੱਕ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਕਿ ਉਸਦੀ ਹਵਾਲਗੀ ਕੀਤੀ ਜਾਵੇਗੀ ਜਾਂ ਨਹੀਂ। ਉਸ ਨੂੰ ਲੰਮੀ ਹਵਾਲਗੀ ਪ੍ਰਕਿਰਿਆ ਤੋਂ ਬਾਅਦ 2021 ਵਿੱਚ ਵਾਪਸ ਆਸਟ੍ਰੇਲੀਆ ਲਿਆਂਦਾ ਗਿਆ ਸੀ।