ਤੇਜ਼ ਆਵਾਜ਼ ‘ਚ ਵੱਜਦਾ ਮਿਊਜ਼ਿਕ ਬੰਦ ਕਰਨ ਨੂੰ ਕਿਹਾ ਤਾਂ ਔਰਤ ਨੂੰ ਗੁਆਂਢੀ ਨੇ ਮਾਰੀ ਗੋਲੀ, ਹਾਲਤ ਨਾਜ਼ੁਕ
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਤੇਜ਼ ਆਵਾਜ਼ ‘ਚ ਵੱਜਦੇ ਮਿਊਜ਼ਿਕ ਦਾ ਵਿਰੋਧ ਕਰਨ ‘ਤੇ ਔਰਤ ਨੂੰ ਉਸ ਦੇ ਗੁਆਂਢੀ ਨੇ ਗੋਲੀ ਮਾਰ ਦਿੱਤੀ। ਮਾਮਲਾ ਉੱਤਰੀ-ਪੱਛਮੀ ਦਿੱਲੀ ਦੇ ਸਿਰਸਪੁਰ ਦਾ ਹੈ। ਪੁਲਸ ਮੁਤਾਬਕ ਇਸ ਘਟਨਾ ਦੇ ਸਿਲਸਿਲੇ ਵਿਚ ਔਰਤ ‘ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਹਰੀਸ਼ ਤੋਂ ਇਲਾਵਾ ਉਸ ਦੇ ਦੋਸਤ ਅਮਿਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੌਰਾਨ ਇਸਤੇਮਾਲ ਕੀਤੀ ਗਈ ਬੰਦੂਕ ਅਮਿਤ ਦੀ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਕਰੀਬ 12.15 ਵਜੇ ਸਿਰਸਪੁਰ ‘ਚ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਇਕ PCR ਕਾਲ ਆਈ।
ਬਾਹਰੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਸਿਰਸਪੁਰ ਨਿਵਾਸੀ ਰੰਜੂ ਨਾਮੀ ਔਰਤ ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ ‘ਚ ਭਰਤੀ ਹੈ। ਮੈਕਸ ਹਸਪਤਾਲ ਦੇ ਡਾਕਟਰਾਂ ਨੇ ਪੁਲਸ ਨੂੰ ਦੱਸਿਆ ਕਿ ਰੰਜੂ ਦੇ ਗਲ਼ ਵਿਚ ਗੋਲੀ ਲੱਗੀ ਹੈ ਅਤੇ ਉਹ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ। ਬਾਅਦ ਵਿਚ ਇਸ ਘਟਨਾ ਦੇ ਸਬੰਧ ‘ਚ ਇਕ ਚਸ਼ਮਦੀਦ, ਪੀੜਤਾ ਦੀ ਭਰਜਾਈ ਦਾ ਬਿਆਨ ਦਰਜ ਕੀਤਾ ਗਿਆ।
ਚਸ਼ਮਦੀਦ ਨੇ ਪੁਲਸ ਨੂੰ ਦੱਸਿਆ ਕਿ ਰੰਜੂ ਆਪਣੀ ਬਾਲਕਨੀ ਵਿਚ ਬਾਹਰ ਆਈ ਅਤੇ ਹਰੀਸ਼ ਨੂੰ ਤੇਜ਼ ਆਵਾਜ਼ ‘ਚ ਵੱਜ ਰਹੇ ਮਿਊਜ਼ਿਕ ਨੂੰ ਬੰਦ ਕਰਨ ਲਈ ਕਿਹਾ। ਇਸ ਤੋਂ ਬਾਅਦ ਹਰੀਸ਼ ਨੇ ਆਪਣੇ ਦੋਸਤ ਅਮਿਤ ਤੋਂ ਬੰਦੂਕ ਲਈ ਅਤੇ ਗੋਲੀ ਚਲਾ ਦਿੱਤੀ। ਗੋਲੀ ਰੰਜੂ ਨੂੰ ਲੱਗ ਗਈ। ਪੁਲਸ ਡਿਪਟੀ ਕਮਿਸ਼ਨਰ ਮੁਤਾਬਕ ਹਰੀਸ਼ ਅਤੇ ਅਮਿਤ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ IPC ਦੀ ਧਾਰਾ-307 (ਕਤਲ ਦੀ ਕੋਸ਼ਿਸ਼) ਅਤੇ ਧਾਰਾ-34 (ਆਮ ਇਰਾਦੇ) ਅਤੇ ਹਥਿਆਰਬੰਦ ਐਕਟ ਦੀ ਧਾਰਾ-27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।