ਸਿੱਕਮ ‘ਚ ਵੱਡਾ ਹਾਦਸਾ; ਬਰਫ਼ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ
ਗੰਗਟੋਕ- ਸਿੱਕਮ ਦੇ ਨਾਥੁਲਾ ਸਰਹੱਦੀ ਇਲਾਕੇ ਵਿਚ ਬਰਫ਼ ਦੀ ਤੋਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਰਫ਼ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖ਼ਮੀ ਹੋ ਗਏ। ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਬਚਾਅ ਅਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਇਹ ਘਟਨਾ ਵਾਪਰੀ, ਜਿਸ ਦੇ ਚੱਲਦੇ 25-30 ਸੈਲਾਨੀ ਫਸ ਗਏ। ਅਧਿਕਾਰੀਆਂ ਨੇ ਦੱਸਿਆ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਵੱਲੋਂ ਜਲਦੀ ਹੀ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਹੁਣ ਤੱਕ 22 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ‘ਚੋਂ 6 ਨੂੰ ਡੂੰਘੀ ਖੱਡ ‘ਚੋਂ ਕੱਢਿਆ ਗਿਆ। ਕਰੀਬ 350 ਲੋਕ ਅਤੇ 80 ਵਾਹਨ ਰਸਤੇ ‘ਤੇ ਫਸੇ ਹੋਏ ਸਨ ਕਿਉਂਕਿ ਬਰਫਬਾਰੀ ਕਾਰਨ ਨਾਥੁਲਾ ਤੋਂ ਆਉਣ ਵਾਲਾ ਰਸਤਾ ਬੰਦ ਹੋ ਗਿਆ ਸੀ। ਇਨ੍ਹਾਂ ਲੋਕਾਂ ਅਤੇ ਵਾਹਨਾਂ ਨੂੰ ਵੀ ਵਾਪਸ ਲਿਆਂਦਾ ਗਿਆ ਹੈ।