ਪੰਜਾਬਫੀਚਰਜ਼

ਸੁਲਤਾਨਪੁਰ ਲੋਧੀ ‘ਚ ਵਾਪਰਿਆ ਭਿਆਨਕ ਹਾਦਸਾ, 2 ਜਣਿਆਂ ਦੀ ਮੌਤ, ਕਾਰ ਕੱਟ ਕੇ ਕੱਢੀਆਂ ਲਾਸ਼ਾਂ

ਮਲਸੀਆਂ: ਅੱਜ ਤੜਕਸਾਰ ਪਿੰਡ ਤਾਸ਼ਪੁਰ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਡਡਵਿੰਡੀ-ਤਾਸ਼ਪੁਰ ਰੋਡ ‘ਤੇ ਤਾਸ਼ਪੁਰ ਮੋੜ ਨੇੜੇ ਇਕ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਜਾ ਟਕਰਾਅ, ਜਿਸ ਦੇ ਚੱਲਦਿਆਂ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੋਗਾ ਸਿੰਘ (60) ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ (ਮਲਸੀਆਂ) ਅਤੇ ਰਘਬੀਰ ਸਿੰਘ (30) ਪੁੱਤਰ ਮਨਜੀਤ ਸਿੰਘ ਵਾਸੀ ਪੱਤੀ ਆਕਲਪੁਰ (ਮਲਸੀਆਂ) ਵਜੋਂ ਹੋਈ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।

ਘਟਨਾ ਸਥਾਨ ‘ਤੇ ਪੁੱਜੇ ਸਰਪੰਚ ਜਸਵੀਰ ਸਿੰਘ ਸ਼ੀਰਾ ਅਤੇ ਹੋਰਾਂ ਨੇ ਦੱਸਿਆ ਕਿ ਜੋਗਾ ਸਿੰਘ ਅਤੇ ਰਘਬੀਰ ਸਿੰਘ ਅੱਜ ਤੜਕੇ ਕਰੀਬ 4 ਵਜੇ ਆਪਣੀ ਸਵਿਫਟ ਕਾਰ ‘ਤੇ ਸਵਾਰ ਹੋ ਕੇ ਮਲਸੀਆਂ ਵਾਲੇ ਪਾਸਿਓਂ ਕਪੂਰਥਲਾ ਨੂੰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਡਡਵਿੰਡੀ ਰੋਡ ‘ਤੇ ਤਾਸ਼ਪੁਰ ਮੋੜ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸ਼ਾਇਦ ਡਰਾਈਵਰ ਨੂੰ ਨੀਂਦ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦਰਖਤ ਨਾਲ ਟਕਰਾ ਗਈ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵੇਂ ਕਾਰ ਸਵਾਰਾਂ ਨੂੰ ਕਟਰ ਨਾਲ ਗੱਡੀ ਕੱਟ ਕੇ ਬਾਹਰ ਕੱਢਿਆ ਗਿਆ।

ਜੋਗਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਹਾਲਤ ‘ਚ ਰਘੁਬੀਰ ਸਿੰਘ ਨੂੰ ਸਲਤਾਨਪੁਰ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਸੂਚਨਾ ਮਿਲਣ ‘ਤੇ ਡੱਲਾ ਚੌਂਕੀ ਦੀ ਪੁਲਸ ਮੌਕੇ ‘ਤੇ ਪੁੱਜ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਥੇ ਇਹ ਵਰਨਣਯੋਗ ਹੈ ਕਿ ਜੋਗਾ ਸਿੰਘ ਕਰੀਬ 22 ਸਾਲ ਇੰਗਲੈਂਡ ‘ਚ ਬਿਤਾਉਣ ਤੋਂ ਪਿੱਛੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆਪਣੀ ਪਤਨੀ ਨਾਲ ਆ ਕੇ ਰਹਿਣ ਲੱਗਾ ਸੀ, ਜਦ ਕਿ ਉਸ ਦੇ ਬੱਚੇ ਵਿਦੇਸ਼ ਵਿਚ ਹੀ ਹਨ ਅਤੇ ਰਘੁਬੀਰ ਸਿੰਘ ਮਿਸਤਰੀ ਦਾ ਕੰਮ ਕਰਦਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-