ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸੰਜੀਤਾ ਚਾਨੂ ‘ਤੇ ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ
ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿਚ 2 ਵਾਰ ਦੀ ਚੈਂਪੀਅਨ ਭਾਰਤੀ ਵੇਟਲਿਫਟਰ ਸੰਜੀਤਾ ਚਾਨੂ ‘ਤੇ ਪਿਛਲੇ ਸਾਲ ਡੋਪ ਟੈਸਟ ਵਿੱਚ ਅਸਫ਼ਲ ਰਹਿਣ ਕਾਰਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਸੰਜੀਤਾ ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਗੁਜਰਾਤ ਵਿੱਚ ਰਾਸ਼ਟਰੀ ਖੇਡਾਂ ਦੌਰਾਨ ਐਨਾਬੋਲਿਕ ਸਟੇਰੌਇਡ – ਡਰੋਸਟੈਨੋਲੋਨ ਮੈਟਾਬੋਲਾਈਟ ਲਈ ਪਾਜ਼ੇਟਿਵ ਪਾਈ ਗਈ ਸੀ, ਜੋ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੈ।
ਮਨੀਪੁਰ ਦੀ ਖਿਡਾਰਨ ਕੋਲ ਅਜੇ ਫ਼ੈਸਲੇ ਦੇ ਖਿਲਾਫ ਅਪੀਲ ਕਰਨ ਦਾ ਵਿਕਲਪ ਹੈ ਪਰ ਇਹ ਤੈਅ ਨਹੀਂ ਹੈ ਕਿ ਉਹ ਅਜਿਹਾ ਕਰੇਗੀ ਜਾਂ ਨਹੀਂ। ਸੰਜੀਤਾ ਨੇ ਜਨਵਰੀ ‘ਚ ਪੀਟੀਆਈ ਨੂੰ ਕਿਹਾ ਸੀ, “ਮੈਂ ਪਹਿਲਾਂ ਵੀ ਇਸ ਦਾ ਅਨੁਭਵ ਕਰ ਚੁੱਕੀ ਹਾਂ ਤਾਂ ਮੈਂ ਦੁਬਾਰਾ ਡੋਪ ਕਿਉਂ ਲਵਾਂਗੀ। ਮੈਨੂੰ ਨਹੀਂ ਪਤਾ ਕਿ ਮੈਂ ਅਪੀਲ ਕਰਾਂਗੀ ਜਾਂ ਨਹੀਂ ਕਿਉਂਕਿ ਦੋਵਾਂ ਮਾਮਲਿਆਂ ਵਿੱਚ ਮੇਰੀ ਹਾਰ ਹੈ।” ਉਨ੍ਹਾਂ ਕਿਹਾ ਸੀ, “ਜੇਕਰ ਮੈਂ ਅਪੀਲ ਕਰਦੀ ਹਾਂ ਤਾਂ ਮੇਰਾ ਨਾਮ ਸਾਫ਼ ਹੋਣ ਵਿੱਚ ਸਮਾਂ ਲੱਗੇਗਾ ਅਤੇ ਮੈਂ ਓਲੰਪਿਕ ਅਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰਨ ਦਾ ਮੌਕਾ ਗੁਆ ਦਵਾਂਗੀ। ਜੇਕਰ ਮੈਂ ਹਾਰ ਜਾਂਦੀ ਹਾਂ ਤਾਂ ਮੈਨੂੰ ਮੁਅੱਤਲ ਕਰ ਦਿੱਤਾ ਜਾਵੇਗਾ।”
ਇਹ ਪਹਿਲੀ ਵਾਰ ਨਹੀਂ ਹੈ ਜਦੋਂ 2011 ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨੂੰ ਡੋਪਿੰਗ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਨਵੰਬਰ 2017 ਵਿੱਚ ਅਮਰੀਕਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਐਨਾਬੋਲਿਕ ਸਟੇਰੌਇਡ ਟੈਸਟੋਸਟੇਰੋਨ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 2018 ਵਿੱਚ ਅੰਤਰਰਾਸ਼ਟਰੀ ਵੇਟਲਿਫਟਿੰਗ ਫੈਡਰੇਸ਼ਨ ਵੱਲੋਂ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਵਿਸ਼ਵ ਸੰਸਥਾ ਨੇ 2020 ਵਿੱਚ ਉਨ੍ਹਾਂ ਨੂੰ ਦੋਸ਼ ਤੋਂ ਮੁਕਤ ਕਰ ਦਿੱਤਾ ਸੀ। ਸੰਜੀਤਾ ਨੇ ਕਿਹਾ ਸੀ, ‘ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ‘ਚੋਂ ਲੰਘ ਚੁੱਕੀ ਹਾਂ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਵੇਂ ਹੋਇਆ। ਇਸ ਘਟਨਾ ਤੋਂ ਪਹਿਲਾਂ ਤੱਕ ਮੈਂ ਆਪਣੇ ਭੋਜਨ ਅਤੇ ਹਰ ਕੰਮ ਨੂੰ ਲੈ ਕੇ ਕਾਫ਼ੀ ਸਾਵਧਾਨ ਸੀ। ਮੈਂ ਆਪਣੇ ਸਪਲੀਮੈਂਟਸ ਬਾਰੇ ਵੀ ਸਾਵਧਾਨ ਸੀ ਅਤੇ ਮੈਂ ਪੁੱਛਿਆ ਕਿ ਕੀ ਉਹ ਡੋਪ ਮੁਕਤ ਹੈ।’