ਹੁਣ ਇਟਲੀ ਨੇ ChatGPT ‘ਤੇ ਬੈਨ ਲਗਾਇਆ , ਦੱਸੀ ਇਹ ਵਜ੍ਹਾ
ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬਾਟ ਚੈਟਜੀਪੀਟੀ (ChatGPT) ਨੂੰ ਇਟਲੀ ਦੀ ਸਰਕਾਰ ਨੇ ਬੈਨ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਚੈਟਜੀਪੀਟੀ ਨੂੰ ਕਿਸੇ ਦੇਸ਼ ‘ਚ ਬੈਨ ਕੀਤਾ ਹੋਵੇ। ਇਸ ਤੋਂ ਪਹਿਲਾਂ ਫਰਾਂਸ ਦੀ ਯੂਨੀਵਰਸਿਟੀ ਨੇ ਚੈਟਜੀਪੀਟੀ ਦੇ ਇਸਤੇਮਾਲ ‘ਤੇ ਪਾਬੰਦੀ ਲਗਾਈ ਸੀ। ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੈਟਬਾਟ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਪ੍ਰਾਈਵੇਸੀ ਦੇ ਨਾਲ ਖਲਿਵਾੜ ਕਰ ਰਿਹਾ ਹੈ।
ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਏ.ਆਈ. ਮਾਡਲ ਨਾਲ ਸੰਬੰਧਿਤ ਪ੍ਰਾਈਵੇਸੀ ਸੰਬੰਧੀ ਚਿੰਤਾਵਾਂ ਸਨ। ਰੈਗੂਲੇਟਰ ਨੇ ਕਿਹਾ ਕਿ ਉਹ ਤੁਰੰਤ ਪ੍ਰਭਾਵ ਨਾਲ ਓਪਨ ਏ.ਆਈ. ‘ਤੇ ਪਾਬੰਦੀ ਲਗਾਏਗਾ ਅਤੇ ਉਸ ਦੀ ਜਾਂਚ ਕਰੇਗਾ। ਇਟਲੀ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਚੈਟਬਾਟ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਜੋ ਕਿ ਸਹੀ ਨਹੀਂ ਹੈ ਅਤੇ ਨਿਯਮਾਂ ਦਾ ਉਲੰਘਣ ਹੈ।
ਨਾਲ ਹੀ ਚੈਟਜੀਪੀਟੀ ‘ਚ ਘੱਟੋ-ਘੱਟ ਉਮਰ ਵੈਰੀਫਿਕੇਸ਼ਨ ਲਈ ਵੀ ਕੋਈ ਆਪਸ਼ਨ ਨਹੀਂ ਹੈ, ਜੋ ਕਿ ਨਾਬਾਲਗ ਨੂੰ ਵੀ ਸੰਵੇਦਨਸ਼ੀਲ ਜਾਣਕਾਰੀ ਦੇ ਸਕਦਾ ਹੈ ਅਤੇ ਉਨ੍ਹਾਂ ਦੇ ਵਿਕਾਸ ਅਤੇ ਜਾਗਰੂਕਤਾ ‘ਚ ਗਲਤ ਅਸਰ ਪਾ ਸਕਦਾ ਹੈ। ਦੱਸ ਦੇਈਏ ਕਿ ਚੈਟਜੀਪੀਟੀ ਯੂ.ਐੱਸ. ਸਟਾਰਟਅਪ ਓਪਨ ਏ.ਆਈ. ਦੁਆਰਾ ਬਣਾਇਆ ਗਿਆ ਹੈ ਅਤੇ ਇਹ ਮਾਈਕ੍ਰੋਸਾਫਟ ਦੁਆਰਾ ਸਮਰਥਿਤ ਹੈ। ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੈਟਜੀਪੀਟੀ ਪਹਿਲਾਂ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਦਾ ਹੈ, ਫਿਰ ਉਸ ਨੂੰ ਆਪਣੇ ਹਿਸਾਬ ਨਾਲ ਇਸਤੇਮਾਲ ਕਰਦਾ ਹੈ। ਇਹ ਲੋਕਾਂ ਦੀ ਪ੍ਰਾਈਵੇਸੀ ਦੇ ਨਾਲ ਖਿਲਵਾੜ ਹੈ।
OpenAI ਨੇ ਦਿੱਤੀ ਇਹ ਸਫ਼ਾਈ
ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦੇ ਦੋਸ਼ਾਂ ‘ਤੇ ਚੈਟਜੀਪੀਟੀ ਨੂੰ ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਨੇ ਵੀ ਬਿਆਨ ਦਿੱਤਾ ਹੈ। ਓਪਨ ਏ.ਆਈ. ਨੇ ਕਿਹਾ ਕਿ ਉਹ ਪ੍ਰਾਈਵੇਸੀ ਕਾਨੂੰਨਾਂ ਦਾ ਪਾਲਣ ਕਰਦਾ ਹੈ। ਕੰਪਨੀ ਨੇ ਕਿਹਾ ਕਿ ਏ.ਆਈ. ਟੂਲ ਨੂੰ ਟ੍ਰੈਂਡ ਕਰਨ ਲਈ ਲੋਕਾਂ ਦੀ ਨਿੱਜੀ ਜਾਣਕਾਰੀ ਦਾ ਨਾ ਦੇ ਬਰਾਬਰ ਇਸਤੇਮਾਲ ਕੀਤਾ ਗਿਆ ਹੈ। ਓਪਨ ਏ.ਆਈ. ਨੇ ਦੱਸਿਆ ਕਿ ਉਸ ਨੇ ਇਟਲੀ ਦੇ ਡਾਟਾ ਸੁਰੱਖਿਆ ਰੈਗੂਲੇਟਰ ਦੇ ਅਪੀਲ ‘ਤੇ ਇਟਲੀ ‘ਚ ਯੂਜ਼ਰਜ਼ ਲਈ ਚੈਟਜੀਪੀਟੀ ਨੂੰ ਬੰਦ ਕਰ ਦਿੱਤਾ ਹੈ ਪਰ ਅਸੀਂ ਜਲਦੀ ਹੀ ਵਾਪਸੀ ਕਰਾਂਗੇ। ਕੰਪਨੀ ਦੇ ਸੀ.ਈ.ਓ. ਸੈਮ ਅਲਟਮੈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਅਲਟਮੈਨ ਨੇ ਆਪਣੇ ਟਵੀਟ ‘ਚ ਲਿਖਿਆ ਕਿ ਬੇਸ਼ੱਕ ਅਸੀਂ ਇਟਲੀ ਦੀ ਸਰਕਾਰ ਦੇ ਅੱਗੇ ਝੁਕ ਗਏ ਹਾਂ ਅਤੇ ਅਸੀਂ ਇਟਲੀ ‘ਚ ਚੈਟਜੀਪੀਟੀ ਨੂੰ ਬੰਦ ਕਰ ਦਿੱਤਾ ਹੈ ਪਰ ਅਸੀਂ ਸਾਰੇ ਪ੍ਰਾਈਵੇਸੀ ਕਾਨੂੰਨਾਂ ਦਾ ਪਾਲਣ ਕਰ ਰਹੇ ਹਾਂ। ਇਟਲੀ ਮੇਰੇ ਪਸੰਦੀਦਾ ਦੇਸ਼ਾਂ ‘ਚੋਂ ਇਕ ਹੈ ਅਤੇ ਅਸੀਂ ਜਲਦੀ ਵਾਪਸੀ ਕਰਾਂਗੇ।
ਇਸ ਤੋਂ ਪਹਿਲਾਂ ਫਰਾਂਸ ਦੀ ਯੂਨਿਵਰਸਿਟੀ ਨੇ ਕੀਤਾ ਸੀ ChatGPT ਨੂੰ ਬੈਨ
ਫਰਾਂਸ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇਕ Science Po ਨੇ ਇਸੇ ਸਾਲ ਜਨਵਰੀ ‘ਚ ਚੈਟਜੀਪੀਟੀ ਦੇ ਇਸਤੇਮਾਲ ‘ਤੇ ਪਾਬੰਦੀ ਲਗਾ ਦਿੱਤੀ। ਯੂਨੀਵਰਸਿਟੀ ਨੇ ਇਸ ਦੇ ਪਿੱਛੇ ਚੈਟਜੀਪੀਟੀ ਦੀ ਮਦਦ ਨਾਲ ਆਨਲਾਈਨ ਫਰਾਡ ‘ਚ ਵਾਧਾ ਹੋ ਸਕਦਾ ਹੈ ਅਤੇ ਓਰੀਜਨਲ ਕੰਟੈਂਟ ਦੀ ਚੋਰੀ ਹੋ ਸਕਦੀ ਹੈ, ਨੂੰ ਕਾਰਨ ਦੱਸਿਆ ਸੀ।