ਪੰਜਾਬਫੀਚਰਜ਼

ਐਕਸਾਈਜ਼ ਪਾਲਿਸੀ : ਨਵੀਂ ਰੇਟ ਲਿਸਟ ਨੇ ਪਿਆਕੜਾਂ ਦੀਆਂ ਵਧਾਈਆਂ ਮੁਸ਼ਕਲਾਂ

ਜਲੰਧਰ  : ਨਵੀਂ ਐਕਸਾਈਜ਼ ਪਾਲਿਸੀ ਤਹਿਤ ਗਰੁੱਪਾਂ ਦਾ ਚਾਰਜ ਲੈਣ ਵਾਲੇ ਠੇਕੇਦਾਰਾਂ ਵੱਲੋਂ ਸ਼ਰਾਬ ਦੀਆਂ ਕੀਮਤਾਂ ਵਿਚ ਲਗਭਗ 20 ਫੀਸਦੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਖਪਤਕਾਰਾਂ ਦੀ ਜੇਬ ’ਤੇ ਭਾਰੀ ਬੋਝ ਪੈ ਰਿਹਾ ਹੈ। ਨਵੀਂ ਰੇਟ ਲਿਸਟ ਨੂੰ ਦੇਖ ਕੇ ਲੋਕ ਕੀਮਤਾਂ ਵਿਚ ਕਮੀ ਚਾਹੁੰਦੇ ਹਨ ਤਾਂ ਕਿ ਸ਼ਰਾਬ ਆਸਾਨੀ ਨਾਲ ਉਨ੍ਹਾਂ ਦੀ ਪਹੁੰਚ ਵਿਚ ਆ ਸਕੇ। ਉਥੇ ਹੀ, ਗਰੁੱਪ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਗਰੁੱਪਾਂ ਦੇ ਭਾਅ ਵਿਚ 12 ਫੀਸਦੀ ਕੀਤਾ ਵਾਧਾ ਅਤੇ ਕਈ ਹੋਰ ਟੈਕਸ ਲੱਗਣ ਕਾਰਨ ਠੇਕੇਦਾਰ ਭਾਅ ਵਧਾਉਣ ’ਤੇ ਮਜਬੂਰ ਹਨ। ਵਿਭਾਗ ਵੱਲੋਂ ਭਾਅ ਵਧਾਉਣ ਕਾਰਨ ਠੇਕੇਦਾਰਾਂ ਕੋਲ ਰੇਟਾਂ ਵਿਚ ਵਾਧਾ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ। ਜਾਣਕਾਰਾਂ ਮੁਤਾਬਕ ਜੇਕਰ ਵਿਭਾਗ ਭਾਅ ਵਿਚ ਵਾਧਾ ਨਾ ਕਰਦਾ ਤਾਂ ਸ਼ਰਾਬ ਦੀਆਂ ਕੀਮਤਾਂ ਵਿਚ ਵਾਧੇ ਨੂੰ ਰੋਕਿਆ ਜਾ ਸਕਦਾ ਸੀ ਪਰ ਹੁਣ ਮਹਿੰਗੇ ਗਰੁੱਪ ਖਰੀਦਣ ਵਾਲੇ ਠੇਕੇਦਾਰਾਂ ਵੱਲੋਂ ਪੈਸਾ ਵਸੂਲ ਕਰਨ ਲਈ ਭਾਅ ਵਧਾ ਦਿੱਤੇ ਗਏ ਹਨ। ਇਸਦੇ ਨਤੀਜੇ ਖਪਤਕਾਰਾਂ ਦੇ ਨਾਲ-ਨਾਲ ਠੇਕੇਦਾਰਾਂ ਨੂੰ ਵੀ ਭੁਗਤਣੇ ਪੈਣਗੇ।

ਨਵੀਆਂ ਕੀਮਤਾਂ ਮੁਤਾਬਕ ਰੁਟੀਨ ਵਿਚ ਵਿਕਣ ਵਾਲੀ ਸ਼ਰਾਬ ਦੀ ਬੋਤਲ 70 ਤੋਂ 100 ਰੁਪਏ ਦੇ ਲਗਭਗ ਮਹਿੰਗੀ ਹੋਈ ਹੈ। ਪਿਛਲੇ ਲੰਮੇ ਅਰਸੇ ਤੋਂ ਇੰਨਾ ਵਾਧਾ ਦੇਖਣ ਨੂੰ ਨਹੀਂ ਮਿਲਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਭਾਅ ਵਧੇ ਹਨ, ਉਸ ਨਾਲ ਨਾਜਾਇਜ਼ ਸ਼ਰਾਬ ਦੀ ਵਿਕਰੀ ਵਿਚ ਤੇਜ਼ੀ ਆਵੇਗੀ। ਰੁਟੀਨ ਵਿਚ ਸ਼ਰਾਬ ਦੀ ਖਪਤ ਕਰਨ ਵਾਲੇ ਵਧੇਰੇ ਲੋਕ ਠੇਕਿਆਂ ਤੋਂ ਸ਼ਰਾਬ ਲੈਣ ਤੋਂ ਗੁਰੇਜ਼ ਕਰਦੇ ਹਨ। ਮਹਿੰਗੀ ਬੋਤਲ ਖਰੀਦਣ ਦੀ ਥਾਂ ਰੁਟੀਨ ਵਿਚ ਪੀਣ ਵਾਲੇ ਖਪਤਕਾਰ ਬਲੈਕ ਵਿਚ ਵਿਕਣ ਵਾਲੀ ਨਾਜਾਇਜ਼ ਸ਼ਰਾਬ ਦੀ ਪੇਟੀ ਜਾਂ ਅੱਧੀ ਪੇਟੀ ਖਰੀਦਣ ਨੂੰ ਮਹੱਤਵ ਦਿੰਦੇ ਹਨ। ਬਾਹਰੋਂ ਖਰੀਦਣ ’ਤੇ ਉਨ੍ਹਾਂ ਨੂੰ ਠੇਕਿਆਂ ਨਾਲੋਂ ਸਸਤੀ ਸ਼ਰਾਬ ਮਿਲਦੀ ਹੈ ਅਤੇ ਪੈਸਿਆਂ ਦੀ ਕਾਫੀ ਬੱਚਤ ਹੁੰਦੀ ਹੈ। ਨਾਜਾਇਜ਼ ਸ਼ਰਾਬ ਦੀ ਵਿਕਰੀ ਵਿਚ ਤੇਜ਼ੀ ਆਉਣ ਨਾਲ ਗਰੁੱਪ ਮਾਲਕਾਂ ਨੂੰ ਵੀ ਉਲਟ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਇਸ ਨਾਲ ਠੇਕਿਆਂ ਦੀ ਸੇਲ ਪ੍ਰਭਾਵਿਤ ਹੋਵੇਗੀ। ਇਸ ਕਾਰਨ ਭਵਿੱਖ ਵਿਚ ਠੇਕੇਦਾਰਾਂ ਦਾ ਵਿਭਾਗ ਪ੍ਰਤੀ ਮੋਹ ਭੰਗ ਹੋਵੇਗਾ।

ਅਜਿਹੇ ਹਾਲਾਤ ਵਿਚ ਸ਼ਰਾਬ ਦੀ ਨਾਜਾਇਜ਼ ਵਿਕਰੀ ਨੂੰ ਰੋਕਣਾ ਵਿਭਾਗ ਲਈ ਵੱਡੀ ਚੁਣੌਤੀ ਸਾਬਿਤ ਹੋਵੇਗਾ। ਆਲਮ ਇਹ ਹੈ ਕਿ ਪਿਛਲੇ ਵਿੱਤੀ ਸਾਲ ਵਿਚ ਸਥਾਨਕ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਕਾਬੂ ਕਰਨ ਦੇ ਕੇਸ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ। ਬਲੈਕ ਕਰਨ ਵਾਲਿਆਂ ਦਾ ਫੜਿਆ ਜਾਣਾ ਸਾਬਿਤ ਕਰਦਾ ਹੈ ਕਿ ਵਿਭਾਗ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ। ਹੁਣ ਕੀਮਤਾਂ ਵਿਚ ਹੋਣ ਵਾਲੇ ਵਾਧੇ ਕਾਰਨ ਨਾਜਾਇਜ਼ ਸ਼ਰਾਬ ਖਰੀਦਣ ਵਾਲਿਆਂ ਦੀ ਵਿਕਰੀ ਵਿਚ ਇਜ਼ਾਫਾ ਹੋਵੇਗਾ ਅਤੇ ਠੇਕਿਆਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਹੋਰ ਜ਼ਿਆਦਾ ਪ੍ਰਭਾਵਿਤ ਹੋਵੇਗੀ। ਅਜਿਹੇ ਵਿਚ ਐਕਸਾਈਜ਼ ਵਿਭਾਗ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਜਿਹੜੀ ਰਣਨੀਤੀ ਬਣਾਵੇਗਾ, ਉਹ ਦੇਖਣ ਵਾਲੀ ਹੋਵੇਗੀ ਕਿਉਂਕਿ ਠੇਕੇਦਾਰਾਂ ਚਾਹੁੰਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਲੱਗੇ ਤਾਂ ਕਿ ਲੋਕ ਠੇਕਿਆਂ ਤੋਂ ਸ਼ਰਾਬ ਖਰੀਦਣ ਅਤੇ ਸੇਲ ਵਿਚ ਵਾਧਾ ਹੋਵੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-