ਧੀ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਪਿਓ ਨੇ ਕੀਤਾ ਵੱਡਾ ਕਾਂਡ, ਹੁਣ ਖ਼ੁਦ ਹੋਇਆ ਫ਼ਰਾਰ

ਜਲੰਧਰ:  ਗੜ੍ਹਾ ਦੇ ਫੱਗੂ ਮੁਹੱਲਾ ’ਚ ਰਹਿਣ ਵਾਲੇ ਆਰਮੀਮੈਨ ਨੇ ਆਪਣੀ ਹੀ ਧੀ ਅਤੇ ਦੋਹਤੇ ਨੂੰ ਕਿਡਨੈਪ ਕਰਵਾ ਲਿਆ। ਪੀੜਤ ਵਿਅਕਤੀ ਦਾ ਦੋਸ਼ ਹੈ ਕਿ 2009 ਵਿਚ ਆਰਮੀਮੈਨ ਦੀ ਧੀ ਨਾਲ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਪਰ ਉਸ ਦੇ (ਸਹੁਰੇ) ਇਸ ਵਿਆਹ ਤੋਂ ਖੁਸ਼ ਨਹੀਂ ਸਨ ਅਤੇ ਘਰ ਨੂੰ ਤੋੜਨ ਲਈ ਉਸਦੀ ਪਤਨੀ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਭੜਕਾਉਂਦੇ ਰਹਿੰਦੇ ਸਨ। ਉਸ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਆਪਣੇ ਸਹੁਰੇ ਛੱਡ ਕੇ ਆਇਆ ਤਾਂ ਉਸਦੇ ਸੱਸ-ਸਹੁਰੇ ਨੇ ਦੋਵਾਂ ਨੂੰ ਬਿਨਾਂ ਉਸਦੀ ਇਜਾਜ਼ਤ ਦੇ ਕਿਸੇ ਅਣਪਛਾਤੀ ਥਾਂ ’ਤੇ ਭੇਜ ਦਿੱਤਾ, ਜਦੋਂ ਕਿ ਉਸਦੀ ਪਤਨੀ ਘਰੋਂ ਲੱਖਾਂ ਰੁਪਏ ਦਾ ਕੈਸ਼ ਅਤੇ ਗਹਿਣੇ ਵੀ ਨਾਲ ਲੈ ਗਈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ, ਜਿਸ ਕਾਰਨ ਪੀੜਤ ਵਿਅਕਤੀ ਦੀ ਪਤਨੀ ਅਤੇ ਉਸਦੇ ਬੇਟੇ ਦਾ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਨੋਦ ਕੁਮਾਰ ਪੁੱਤਰ ਬਨਾਰਸੀ ਲਾਲ ਨਿਵਾਸੀ ਫਗਵਾੜੀ ਮੁਹੱਲਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੇ ਸਹੁਰਿਆਂ ਦਾ ਪਰਿਵਾਰ ਵਿਚ ਬਹੁਤ ਦਖ਼ਲ ਸੀ, ਉਹ ਫਿਰ ਵੀ ਆਪਣੀ ਬੀਮਾਰ ਸਾਲੀ ਅਤੇ ਸੱਸ ਰੇਣੂ ਦੇਵੀ ਦਾ ਇਲਾਜ ਆਪਣੀ ਜੇਬ ਵਿਚੋਂ ਕਰਵਾਉਂਦਾ ਰਿਹਾ। 2010 ਵਿਚ ਉਸਦੇ ਘਰ ਵਿਚ ਪੁੱਤਰ ਆਰਵ ਨੇ ਜਨਮ ਲਿਆ, ਜਿਹੜਾ ਇਸ ਸਮੇਂ 13 ਸਾਲਾਂ ਦਾ ਹੈ। ਵਿਨੋਦ ਦਾ ਦੋਸ਼ ਹੈ ਕਿ ਉਸਦੇ ਸਹੁਰੇ ਉਸਦੀ ਪਤਨੀ ਨੂੰ ਉਸ ਤੋਂ ਦੂਰ ਕਰਨ ਲਈ ਕੋਈ ਨਾ ਕੋਈ ਸਾਜ਼ਿਸ਼ ਰਚਦੇ ਰਹਿੰਦੇ ਸਨ। ਉਨ੍ਹਾਂ ਉਸਦੀ ਪਤਨੀ ਮਮਤਾ ਨੂੰ ਆਪਣੀਆਂ ਗੱਲਾਂ ਵਿਚ ਲਾ ਕੇ ਪੁੱਤਰ ਆਰਵ ਦੇ ਸਕੂਲ ਵਿਚੋਂ ਉਸਦਾ ਨਾਂ ਕਟਵਾ ਦਿੱਤਾ ਅਤੇ ਮਾਂ-ਬਾਪ ਦੀ ਜਗ੍ਹਾ ਨਾਨਾ ਚੰਦਰ ਬਹਾਦਰ ਅਤੇ ਨਾਨੀ ਰੇਣੂ ਦੇਵੀ ਦਾ ਨਾਂ ਲਿਖਵਾ ਦਿੱਤਾ। ਇਸੇ ਤਰ੍ਹਾਂ ਆਧਾਰ ਕਾਰਡ ਤੋਂ ਵੀ ਉਸਦਾ ਨਾਂ ਕਟਵਾ ਕੇ ਆਪਣਾ ਛਪਵਾ ਦਿੱਤਾ ਅਤੇ ਜਨਮ ਤਰੀਕ ਨਾਲ ਵੀ ਛੇੜਛਾੜ ਕੀਤੀ।

ਵਿਨੋਦ ਨੇ ਕਿਹਾ ਕਿ 21 ਫਰਵਰੀ 2022 ਨੂੰ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਆਪਣੇ ਸਹੁਰੇ ਛੱਡ ਕੇ ਆਇਆ ਸੀ। ਕੁਝ ਦਿਨ ਪਹਿਲਾਂ ਜਦੋਂ ਉਸ ਨੇ ਆਪਣੀ ਪਤਨੀ ਦੇ ਮੋਬਾਇਲ ’ਤੇ ਫੋਨ ਕੀਤਾ ਤਾਂ ਉਹ ਬੰਦ ਆਇਆ। ਉਸਨੇ ਆਪਣੇ ਸਹੁਰੇ ਜਾ ਕੇ ਵੇਖਿਆ ਤਾਂ ਉਸਦੀ ਪਤਨੀ ਤੇ ਪੁੱਤਰ ਉਥੇ ਨਹੀਂ ਸਨ। ਕਈ ਵਾਰ ਪੁੱਛਣ ’ਤੇ ਵੀ ਉਸਦੇ ਸੱਸ-ਸਹੁਰੇ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਇਸ ਸਬੰਧੀ ਜਦੋਂ ਉਸਨੇ ਥਾਣਾ ਨੰਬਰ 7 ਵਿਚ ਸ਼ਿਕਾਇਤ ਦਿੱਤੀ ਤਾਂ ਥਾਣੇ ਵਿਚ ਉਸਦੀ ਸੱਸ ਨੇ ਉਸਨੂੰ ਜਾਤੀ-ਸੂਚਕ ਸ਼ਬਦ ਕਹੇ। ਸੁਣਵਾਈ ਨਾ ਹੋਣ ’ਤੇ ਉਹ ਘਰ ਪਰਤ ਆਇਆ ਅਤੇ ਜਦੋਂ ਉਸਨੇ ਸਾਮਾਨ ਵੇਖਿਆ ਤਾਂ ਘਰ ਵਿਚੋਂ ਲਗਭਗ ਡੇਢ ਲੱਖ ਰੁਪਏ ਦੀ ਕੀਮਤ ਦੇ ਗਹਿਣੇ, ਬੈਂਕ ਖਾਤੇ ‘ਚੋਂ 2 ਲੱਖ ਰੁਪਏ ਅਤੇ 50 ਹਜ਼ਾਰ ਰੁਪਏ ਕੈਸ਼ ਗਾਇਬ ਸੀ।

ਵਿਨੋਦ ਨੇ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਸ ਨੇ ਕਈ ਵਾਰ ਵਿਨੋਦ ਦੇ ਸੱਸ-ਸਹੁਰੇ ਨੂੰ ਜਾਂਚ ਲਈ ਬੁਲਾਇਆ ਪਰ ਉਹ ਪੇਸ਼ ਨਹੀਂ ਹੋਏ। ਅਜਿਹੀ ਹਾਲਤ ਵਿਚ ਪੁਲਸ ਨੇ ਵਿਨੋਦ ਦੇ ਬਿਆਨਾਂ ’ਤੇ ਉਸਦੇ ਸਹੁਰੇ ਚੰਦਰ ਬਹਾਦਰ ਅਤੇ ਸੱਸ ਰੇਣੂ ਦੇਵੀ ਖ਼ਿਲਾਫ਼ ਧਾਰਾ 346, 465, 467, 471 ਅਤੇ 120-ਬੀ ਅਧੀਨ ਕੇਸ ਦਰਜ ਕਰ ਲਿਆ। ਇਸ ਸਬੰਧੀ ਜਦੋਂ ਥਾਣਾ ਨੰਬਰ 7 ਦੇ ਐਡੀਸ਼ਨਲ ਐੱਸ. ਐੱਚ. ਓ. ਪਵਿੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਮਜ਼ਦ ਮੁਲਜ਼ਮ ਆਪਣੇ ਘਰੋਂ ਫ਼ਰਾਰ ਹਨ, ਜਿਸ ਕਾਰਨ ਪੀੜਤ ਦੀ ਪਤਨੀ ਤੇ ਬੱਚੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਪੁਲਸ ਆਪਣੇ ਪੱਧਰ ’ਤੇ ਵੀ ਦੋਵਾਂ ਦੀ ਲੋਕੇਸ਼ਨ ਦੀ ਜਾਂਚ ਜੁਟੀ ਹੋਈ ਹੈ ਅਤੇ ਜਲਦ ਦੋਵਾਂ ਨੂੰ ਲੱਭ ਲਿਆ ਜਾਵੇਗਾ।

Leave a Reply

error: Content is protected !!