ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਭੁੰਬਲੀ ਵਿਚ ਮੰਗਲਵਾਰ ਸਵੇਰੇ ਪੰਜਾਬ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਗੋਲ਼ੀਆਂ ਮਾਰ ਕੇ ਆਪਣੀ ਪਤਨੀ ਬਲਜੀਤ ਕੌਰ (40), ਨੌਜਵਾਨ ਪੁੱਤ ਬਲਪ੍ਰੀਤ ਸਿੰਘ (19) ਅਤੇ ਪਾਲਤੂ ਕੁੱਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਤਲ ਕਾਂਡ ਦੀ ਚਸ਼ਮਦੀਦ ਗੁਆਂਢਣ ਨੂੰ ਕਾਤਲ ਏ. ਐੱਸ. ਆਈ. ਅਗਵਾ ਕਰਕੇ ਆਪਣੇ ਨਾਲ ਲੈ ਗਿਆ। ਇਸ ਸਭ ਤੋਂ ਬਾਅਦ ਜਦੋਂ ਰਿਸ਼ਤੇਦਾਰ ਦੇ ਘਰ ’ਚ ਲੁਕੇ ਕਾਤਲ ਨੂੰ ਪੁਲਸ ਨੇ ਚੁਫੇਰਿਓਂ ਘੇਰਾ ਪਾ ਲਿਆ ਤਾਂ ਉਸ ਨੇ ਗੋਲ਼ੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਤਿੰਨ ਕਤਲ ਕਰਨ ਤੋਂ ਬਾਅਦ ਕੈਨੇਡਾ ਰਹਿੰਦੇ ਪੁੱਤ ਨੂੰ ਕੀਤਾ ਫੋਨ

ਸੂਤਰਾਂ ਮੁਤਾਬਕ ਤਿੰਨ ਕਤਲ ਕਰਨ ਤੋਂ ਬਾਅਦ ਬਟਾਲਾ ਦੇ ਪਿੰਡ ਸ਼ਾਹਪੁਰਾ ਵਿਚ ਰਿਸ਼ਤੇਦਾਰਾਂ ਦੇ ਘਰ ਜਾ ਕੇ ਲੁਕੇ ਏ. ਐੱਸ. ਆਈ. ਨੇ ਗੁਆਂਢ ਵਿਚ ਫੋਨ ਕਰਕੇ ਮਹਿਲਾ ਦੀ ਗੱਲ ਕਰਵਾਈ। ਮਹਿਲਾ ਦੇ ਭਰਾ ਨੂੰ ਏ. ਐੱਸ. ਆਈ. ਨੇ ਕਿਹਾ ਕਿ ਉਸ ਕੋਲੋਂ ਬਹੁਤ ਵੱਡੀ ਗ਼ਲਤੀ ਹੋ ਗਈ ਹੈ। ਉਹ ਮਹਿਲਾ ਨੂੰ ਛੱਡ ਦੇਵੇਗਾ। ਭੁਪਿੰਦਰ ਨੇ ਵੀਡੀਓ ਕਾਲ ’ਤੇ ਮਹਿਲਾ ਦੀ ਉਸ ਦੇ ਪਰਿਵਾਰ ਨਾਲ ਗੱਲ ਵੀ ਕਰਵਾਈ। ਵਾਰ-ਵਾਰ ਫੋਨ ਕਰਨ ’ਤੇ ਹੀ ਉਸ ਦੀ ਲੋਕੇਸ਼ਨ ਬਟਾਲਾ ਪੁਲਸ ਨੂੰ ਮਿਲੀ ਅਤੇ ਉਸ ਨੇ ਸ਼ਾਹਪੁਰਾ ਦੇ ਘਰ ਦੀ ਘੇਰਾਬੰਦੀ ਕਰ ਦਿੱਤੀ ਗਈ। ਐੱਸ. ਐੱਸ. ਪੀ. ਇਨਵੈਸਟੀਗੇਸ਼ਨ ਨੇ ਭੁਪਿੰਦਰ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਪੁਲਸ ’ਤੇ ਭਰੋਸਾ ਨਹੀਂ ਹੈ। ਸਖ਼ਤ ਮਿਹਨਤ ਤੋਂ ਬਾਅਦ ਪੁਲਸ ਮਹਿਲਾ ਨੂੰ ਦੁਪਹਿਰੇ 4 ਵਜੇ ਰਿਹਾਅ ਕਰਵਾਉਣ ਵਿਚ ਸਫਲ ਰਹੀ ਪਰ ਭੁਪਿੰਦਰ ਸਰੰਡਰ ਲਈ ਨਹੀਂ ਮੰਨਿਆ। ਐੱਸ. ਪੀ. ਇਨਵੈਸਟੀਗੇਸ਼ਨ ਨੇ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਗੁਲਰੀਨ ਸਿੰਘ ਦੀ ਪਿਤਾ ਭੁਪਿੰਦਰ ਸਿੰਘ ਨਾਲ ਗੱਲ ਕਰਵਾਈ ਪਰ ਉਹ ਫਿਰ ਵੀ ਸਰੰਡਰ ਵਈ ਨਹੀਂ ਮੰਨਿਆ। ਭੁਪਿੰਦਰ ਨੇ ਬੇਟੇ ਨੂੰ ਦੱਸਿਆ ਕਿ ਮੈਂ ਸਾਰਿਆਂ ਨੂੰ ਮਾਰ ਦਿੱਤਾ ਹੈ। ਸ਼ਾਮ 5 ਵਜੇ ਕਰੀਬ ਉਸ ਨੇ ਕਾਰਬਾਈਨ ਨਾਲ ਖੁਦ ਨੂੰ 3 ਗੋਲ਼ੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ।

 

ਐੱਸ. ਪੀ. ਨੇ ਬਿਆਨ ਕੀਤੀ ਸਾਰੀ ਵਾਰਦਾਤ

ਐੱਸ. ਪੀ. ਸਰੋਆ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਆਪਣੀ ਸਰਵਿਸ ਕਾਰਬਾਈਨ ਨਾਲ ਆਪਣੀ ਪਤਨੀ ਦੇ ਤਿੰਨ ਅਤੇ ਬੇਟੇ ਦੇ ਵੀ ਤਿੰਨ ਗੋਲ਼ੀਆਂ ਮਾਰੀਆਂ ਜਦਕਿ ਜਰਮਨ ਸ਼ੈਫਰਡ ਨਸਲ ਦੇ ਪਾਲਤੂ ਕੁੱਤੇ ਨੂੰ ਵੀ ਗੋਲ਼ੀ ਮਾਰ ਦਿੱਤੀ। ਇਹ ਜਾਂਚ ਕੀਤੀ ਜਾਵੇਗੀ ਕਿ ਇਹ ਆਪਣੀ ਸਰਵਿਸ ਕਾਰਬਾਈਨ ਘਰ ਕਿਸ ਤਰ੍ਹਾਂ ਲੈ ਕੇ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦਾ ਕਾਰਨ ਫਿਲਹਾਲ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਆਪਣਾ ਘਰ ਬਦਲ ਕੇ ਬਟਾਲਾ ਵਿਖੇ ਸ਼ਿਫਟ ਹੋਣਾ ਚਾਹੁੰਦਾ ਸੀ ਪਰ ਉਸ ਦਾ ਪਰਿਵਾਰ ਇਸ ਗੱਲ ਲਈ ਰਾਜ਼ੀ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਸ ਦੀ ਸਵੇਰੇ ਵੀ ਆਪਣੇ ਛੋਟੇ ਮੁੰਡੇ ਨਾਲ ਬਹਿਸ ਹੋਈ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਬਟਾਲਾ ਵਿਖੇ ਜਿਸ ਘਰ ਵਿਚ ਏ. ਐੱਸ. ਆਈ ਲੁਕਿਆ ਸੀ ਉਥੇ ਪੁਲਸ ਨੇ ਇਸ ਨੂੰ ਸਮਝਾਉਣ ਅਤੇ ਇਸ ਦੀ ਕੌਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਰੰਡਰ ਲਈ ਰਾਜ਼ੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਡਨੈਪ ਕੀਤੀ ਗਈ ਔਰਤ ਸਾਰੀ ਘਟਨਾ ਦੀ ਚਸ਼ਮਦੀਦ ਬਣ ਸਕਦੀ ਹੈ ਇਸ ਡਰ ਕਰਕੇ ਮ੍ਰਿਤਕ ਭੁਪਿੰਦਰ ਸਿੰਘ ਨੇ ਉਸ ਨੂੰ ਕਿਡਨੈਪ ਕੀਤਾ ਸੀ। ਉਨ੍ਹਾਂ ਸਾਫ ਕੀਤਾ ਕਿ ਅਗਵਾ ਕੀਤੀ ਔਰਤ ਦੇ ਭੁਪਿੰਦਰ ਨਾਲ ਕੋਈ ਸੰਬੰਧ ਨਹੀਂ ਹੈ, ਉਸ ਨੂੰ ਬਦਨਾਮ ਨਾ ਕੀਤਾ ਜਾਵੇ, ਜੇਕਰ ਕਿਸੇ ਨੇ ਝੂਠੇ ਇਲਜ਼ਾਮ ਲਗਾਏ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

error: Content is protected !!