ਫੀਚਰਜ਼ਭਾਰਤ

ਵਰਚੁਅਲ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਚੰਡੀਗੜ੍ਹ- ਵਾਹਨਾਂ ਦੇ ਚਿੱਪ ਵਾਲੇ ਰਜਿਸਟਰੇਸ਼ਨ ਸਰਟੀਫਿਕੇਟ (ਆਰ. ਸੀ) ਅਤੇ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਲਈ ਲੋਕਾਂ ਨੂੰ ਇਕ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ। ਜਿਨ੍ਹਾਂ ਦੇ ਕੋਲ ਵਰਚੁਅਲ ਆਰ. ਸੀ. ਜਾਂ ਡਰਾਈਵਿੰਗ ਲਾਇਸੈਂਸ ਹੈ, ਉਨ੍ਹਾਂ ਦਾ ਚਲਾਨ ਨਹੀਂ ਕੱਟੇਗਾ। ਵਰਚੁਅਲ ਆਰ. ਸੀ. ਜਾਂ ਡੀ. ਐੱਲ. ਡਿਜ਼ੀਟਲ ਲਾਕਰ ਵਿਚ ਰੱਖ ਸਕਦੇ ਹੋ।  ਪਿਛਲੇ ਤਿੰਨ ਮਹੀਨਿਆਂ ਤੋਂ ਆਰ. ਸੀ. ਅਤੇ ਨਵੇਂ ਡਰਾਈਵਿੰਗ ਲਾਇਸੈਂਸ ਵਾਲਿਆਂ ਨੂੰ ਹਾਰਡ ਕਾਪੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਆਰ. ਸੀ. ਅਤੇ ਡੀ. ਐੱਲ. ਬਣਾਉਣ ਵਾਲੀ ਸਮਾਰਟ ਚਿੱਪ ਲਿਮਟਿਡ ਕੰਪਨੀ ਨਾ ਤਾਂ ਕੰਮ ਸ਼ੁਰੂ ਕਰ ਰਹੀ ਹੈ ਅਤੇ ਨਾ ਹੀ ਕੰਪਨੀ ਨੇ ਸਮਝੌਤਾ ਖ਼ਤਮ ਕਰਨ ਦੇ ਨੋਟਿਸ ਜਾ ਜਵਾਬ ਦਿੱਤਾ ਹੈ।

ਵਿਭਾਗ ਦੇ ਨਿਯਮ ਅਨੁਸਾਰ ਇਕ ਮਹੀਨੇ ਦਾ ਨੋਟਿਸ ਕੰਪਨੀ ਨੂੰ ਦਿੱਤਾ ਹੈ ਜੋਕਿ 30 ਅਪ੍ਰੈਲ ਨੂੰ ਖ਼ਤਮ ਹੋਵੇਗਾ। ਇਸ ਤੋਂ ਪਹਿਲਾਂ ਟਰਾਂਸਪੋਰਟ ਮਹਿਕਮਾ ਬਦਲ ਵਿਵਸਥਾ ‘ਤੇ ਫ਼ੈਸਲਾ ਨਹੀਂ ਲੈ ਸਕੇਗਾ। ਸੂਬੇ ਵਿਚ ਸਾਲ 2023 ਵਿਚ ਅਜੇ ਤੱਕ 1.61 ਗੱਡੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਆਰ. ਸੀ. ਲਈ ਲੋਕ ਹਾਰਡ ਕਾਪੀ ਦਾ ਇੰਤਜ਼ਾਰ ਕਰ ਰਹੇ ਹਨ। ਟਰਾਂਸਪੋਰਟ ਮਹਿਕਮੇ ਦੇ ਸਕੱਤਰ ਗਰਗ ਨੇ ਕਿਹਾ ਹੈ ਕਿ ਪੁਲਸ ਨੂੰ ਸਪਸ਼ੱਟ ਨਿਰਦੇਸ਼ ਦਿੱਤੇ ਗਏ ਹਨ ਕਿ ਜਿਨ੍ਹਾਂ ਦੇ ਕੋਲ ਵੀ ਵਰਚੁਅਲ ਆਰ. ਸੀ. ਜਾਂ ਡਰਾਈਵਿੰਗ ਲਾਇਸੈਂਸ ਹੈ, ਉਨ੍ਹਾਂ ਦਾ ਚਲਾਨ ਨਾ ਕੱਟਿਆ ਜਾਵੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-