ਚੰਡੀਗੜ੍ਹ ਦੇ ਹਵਾਈ ਅੱਡੇ ਨਾਂ ਹੋਇਆ ਵੱਡਾ ਰਿਕਾਰਡ

ਚੰਡੀਗੜ੍ਹ: ਮੋਹਾਲੀ ਸਥਿਤ ਕੌਮਾਂਤਰੀ ਹਵਾਈ ਅੱਡੇ ’ਤੇ 2022-23 ਦੌਰਾਨ ਸਭ ਤੋਂ ਵੱਧ ਯਾਤਰੀਆਂ ਦੀ ਗਿਣਤੀ ਦਰਜ ਹੋਈ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਪਿਛਲੇ 4 ਸਾਲਾਂ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਵਿਚ 40 ਫ਼ੀਸਦੀ ਵਾਧਾ ਹੋਇਆ ਹੈ। ਇੰਨਾ ਹੀ ਨਹੀਂ, 2022-23 ’ਚ ਉਡਾਣਾਂ ਦੀ ਗਿਣਤੀ ਵੀ ਵਧੀ ਹੈ।
ਉਨ੍ਹਾਂ ਕਿਹਾ ਕਿ ਅਥਾਰਟੀ 2023-24 ਵਿਚ ਯਾਤਰੀਆਂ ਦੀ ਗਿਣਤੀ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਲਈ ਅਥਾਰਟੀ ਨੇ ਕੁਝ ਨਵੇਂ ਸੂਬਿਆਂ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਨਾਲ ਹੀ ਸਰਦੀਆਂ ਦੇ ਸ਼ਡਿਊਲ ਵਿਚ 1 ਅੰਤਰਰਾਸ਼ਟਰੀ ਉਡਾਣ ਵੀ ਸ਼ੁਰੂ ਹੋ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ 2022-23 ਵਿਚ ਮਾਰਚ ਅਤੇ ਮਈ ਦੇ ਮਹੀਨਿਆਂ ਵਿਚ ਸਭ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ ਹੈ। ਜਾਣਕਾਰੀ ਮੁਤਾਬਕ ਮਈ 2022 ’ਚ 330051 ਯਾਤਰੀਆਂ ਅਤੇ ਮਾਰਚ 2023 ’ਚ 337053 ਯਾਤਰੀਆਂ ਨੇ ਸਫਰ ਕੀਤਾ। ਸੀ. ਈ. ਓ. ਨੇ ਦੱਸਿਆ ਕਿ ਇਹ ਅੰਕਡ਼ਾ ਪਿਛਲੇ 4 ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਯਾਤਰੀਆਂ ਦਾ ਵੇਰਵਾ
ਸਾਲ ਯਾਤਰੀ
2018-19 2130170
2019-20 2447320
2020-21 1383940
2021-22 2184161
2022-23 3650266
2022-23 ’ਚ ਹੈਂਡਲ ਕੀਤੀਆਂ ਗਈਆਂ ਵੱਧ ਉਡਾਣਾਂ
ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। 2022-23 ਵਿਚ 28956 ਉਡਾਣਾਂ ਹੋਈਆਂ ਹਨ, ਜਿਸ ਵਿਚ ਮਈ ਵਿਚ 2547 ਅਤੇ ਮਾਰਚ ਵਿਚ 2505 ਉਡਾਣਾਂ ਆਈਆਂ ਅਤੇ ਗਈਆਂ ਹਨ।