ਕੇਂਦਰੀ ਜੇਲ੍ਹ ਬਠਿੰਡਾ ਤੋਂ ਕੈਦੀਆਂ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਕੈਨੇਡਾ ਭੇਜੀਆਂ ਵੀਡੀਓਜ਼

ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਆਮ ਤੌਰ ’ਤੇ ਮੋਬਾਇਲਾਂ ਦੀ ਬਰਾਮਦਗੀ ਅਤੇ ਕੈਦੀਆਂ ਦੀ ਲੜਾਈ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ ਪਰ ਹੁਣ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਕੁਝ ਕੈਦੀਆਂ ਨੇ ਜੇਲ੍ਹ ਦੇ ਅੰਦਰ ਦੀਆਂ ਵੀਡੀਓਜ਼ ਬਣਾ ਲਈਆਂ ਹਨ ਤੇ ਬਾਅਦ ਵਿਚ ਇਹ ਵੀਡੀਓਜ਼ ਕੈਨੇਡਾ ਬੈਠੇ ਆਪਣੇ ਸਾਥੀਆਂ ਨੂੰ ਭੇਜੀਆਂ ਗਈਆਂ। ਇੰਨਾ ਹੀ ਨਹੀਂ ਉਕਤ ਕੈਦੀਆਂ ਨੇ ਪੁਲਸ ਮੁਲਾਜ਼ਮਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਉਹ ਉਕਤ ਵੀਡੀਓਜ਼ ਨਿਊਜ਼ ਚੈਨਲਾਂ ’ਤੇ ਭੇਜ ਦੇਣਗੇ, ਜਿਸ ਨਾਲ ਜੇਲ੍ਹ ਦੀ ਬਦਨਾਮੀ ਹੋਵੇਗੀ।

ਇਸ ਸਬੰਧੀ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਦਰਜਨ ਦੇ ਕਰੀਬ ਬੰਦੀਆਂ ਤੇ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚੋਂ ਕੁਝ ਨੂੰ ਹੋਰ ਜੇਲ੍ਹਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਦੱਸਿਆ ਕਿ ਕਥਿਤ ਦੋਸ਼ੀ ਹਵਾਲਾਤੀ ਮਨੀ ਪਾਰਸ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਕੁਮਾਰ, ਹਰਦੀਪ ਸਿੰਘ, ਹਰਪਾਲ ਸਿੰਘ, ਹਰਬੰਸ ਸਿੰਘ, ਨਵਤੇਜ ਸਿੰਘ, ਮਨਜੀਤ ਸਿੰਘ, ਰਣਜੋਧ ਸਿੰਘ, ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਅਕਸਰ ਹੀ ਜੇਲ੍ਹ ਸਟਾਫ਼ ਨੂੰ ਮਿਲਣ ਲਈ ਆਪਸ ਵਿਚ ਉਲਝਦੇ ਰਹਿੰਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ ਲੋਕ ਲੜਾਈ-ਝਗੜੇ ਆਦਿ ਦੇ ਆਦੀ ਹਨ ਅਤੇ ਇਨ੍ਹਾਂ ਨੇ ਜੇਲ੍ਹ ਦੀਆਂ ਕੁਝ ਵੀਡੀਓਜ਼ ਬਣਾ ਕੇ ਕੈਨੇਡਾ ਬੈਠੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਨੂੰ ਭੇਜ ਦਿੱਤੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਇਹ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਵੀਡੀਓਜ਼ ਵਾਇਰਲ ਕਰ ਕੇ ਨਿਊਜ਼ ਚੈਨਲਾਂ ਨੂੰ ਦੇ ਦੇਵਾਂਗੇ। ਇੰਨਾ ਹੀ ਨਹੀਂ ਉਕਤ ਮੁਲਜ਼ਮਾਂ ਨੇ ਪੁਲਸ ਮੁਲਾਜ਼ਮਾਂ ਨੂੰ ਧਮਕੀਆਂ ਵੀ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਵੱਖ-ਵੱਖ ਜੇਲ੍ਹਾਂ ’ਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਥਾਣਾ ਕੈਂਟ ਦੀ ਪੁਲਸ ਨੇ ਅਧਿਕਾਰੀਆਂ ਖ਼ਿਲਾਫ਼ ਧਮਕੀਆਂ ਦੇਣ ਅਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

error: Content is protected !!