ਅਮਰੀਕਾ: ਮਿਸੌਰੀ ‘ਚ ਤੂਫ਼ਾਨ ਨੇ ਮਚਾਈ ਤਬਾਹੀ, 5 ਲੋਕਾਂ ਦੀ ਮੌਤ
ਗਲੇਨ ਐਲਨ/ਅਮਰੀਕਾ: ਅਮਰੀਕਾ ਦੇ ਦੱਖਣ-ਪੂਰਬੀ ਮਿਸੌਰੀ ਵਿਚ ਬੁੱਧਵਾਰ ਤੜਕੇ ਆਏ ਭਿਆਨਕ ਤੂਫਾਨ ਨਾਲ 5 ਲੋਕਾਂ ਦੀ ਮੌਤ ਹੋ ਗਈ। ਪਿਛਲੇ 2 ਹਫ਼ਤਿਆਂ ਵਿੱਚ ਇਹ ਤੀਜਾ ਸਭ ਤੋਂ ਘਾਤਕ ਤੂਫ਼ਾਨ ਸੀ। ਮੌਸਮ ਵਿਗਿਆਨੀਆਂ ਨੇ ਖ਼ਰਾਬ ਮੌਸਮ ਬਾਰੇ ਚੇਤਾਵਨੀ ਦਿੱਤੀ ਹੈ, ਕਿਉਂਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਥੇ ਕਈ ਭਿਆਨਕ ਤੂਫਾਨ ਆ ਚੁੱਕੇ ਹਨ।
ਤੂਫਾਨ ਬੁੱਧਵਾਰ ਤੜਕੇ 3:30 ਵਜੇ ਦੇ ਕਰੀਬ ਮਿਸੌਰੀ ਵਿੱਚ ਆਇਆ ਅਤੇ ਸੇਂਟ ਲੁਈਸ ਤੋਂ ਲਗਭਗ 80 ਕਿਲੋਮੀਟਰ ਦੱਖਣ ਵਿੱਚ ਬੋਲਿੰਗਰ ਕਾਉਂਟੀ ਵਿੱਚ ਇੱਕ ਪੇਂਡੂ ਖੇਤਰ ਵਿੱਚੋਂ ਹੋ ਲੰਘਿਆ। ਇਸ ਨਾਲ ਦਰੱਖਤ ਡਿੱਗ ਗਏ, ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਖੇਤਰ ਵਿੱਚ ਭਾਰੀ ਤਬਾਹੀ ਹੋਈ। ਸਟੇਟ ਹਾਈਵੇ ਪੈਟਰੋਲ ਸੁਪਰਡੈਂਟ ਐਰਿਕ ਓਲਸਨ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਤੂਫਾਨ ਨਾਲ ਸਬੰਧਤ ਘਟਨਾਵਾਂ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਓਲਸਨ ਨੇ ਕਿਹਾ ਕਿ 12 ਇਮਾਰਤਾਂ ਤਬਾਹ ਹੋ ਗਈਆਂ ਅਤੇ ਕਈ ਦਰਜਨ ਹੋਰ ਨੁਕਸਾਨੇ ਗਏ ਹਨ।