ਫ਼ੁਟਕਲ

ਨੌਜਵਾਨ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਬਲਾਚੌਰ/ਬੀਣੇਵਾਲ :ਕਸਬਾ ਬੀਣੇਵਾਲ ਨਜ਼ਦੀਕ ਬੀਤ ਦੇ ਪਿੰਡ ਡੱਲੇਵਾਲ ਦੇ ਇਕ ਨੌਜਵਾਨ ਰਜਿੰਦਰ ਕੁਮਾਰ ਉਰਫ ਰਵੀ (23) ਪੁੱਤਰ ਨਸੀਬ ਚੰਦ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮ੍ਰਿਤਕ ਦੇ ਪਿਤਾ ਦੀ ਵੀ ਤਕਰੀਬਨ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਕਸ਼ਮੀਰੀ ਲਾਲ ਪੁੱਤਰ ਜਾਗਰ ਰਾਮ ਅਤੇ ਲੰਬੜਦਾਰ ਹਰਬੰਸ ਲਾਲ ਬਸਣਪਾਲ ਆਦਿ ਨੇ ਦੱਸਿਆ ਕਿ ਬੀਤੇ ਦਿਨ 6 ਅਪ੍ਰੈਲ ਨੂੰ ਦੁਪਹਿਰ ਕਰੀਬ 12 ਵਜੇ ਰਜਿੰਦਰ ਕੁਮਾਰ ਰਵੀ ਆਪਣੇ ਚਚੇਰੇ ਭਰਾ ਦਾ ਪਲੈਟਿਨਾ ਮੋਟਰਸਾਈਕਲ ਨੰ. ਪੀ ਬੀ 24 ਬੀ/3271 ਲੈ ਕੇ ਪਿੰਡ ਦੇ ਨੌਜਵਾਨ ਗਗਨਦੀਪ ਪੁੱਤਰ ਜੋਗਿੰਦਰ ਰਾਮ ਨਿਵਾਸੀ ਡੱਲੇਵਾਲ ਥਾਣਾ ਗੜ੍ਹਸ਼ੰਕਰ ਅਤੇ ਵਿਸ਼ਾਲ ਕੁਮਾਰ ਪੁੱਤਰ ਰਾਕੇਸ਼ ਕੁਮਾਰ ਪਿੰਡ ਸਾਸਣ ਥਾਣਾ ਮਹਿਤਪੁਰ ਜ਼ਿਲ੍ਹਾ ਊਨਾ ਨਾਲ ਆਪਣੀ ਮਾਤਾ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਥੋੜ੍ਹੀ ਦੇਰ ਤਕ ਵਾਪਸ ਆ ਜਾਣਗੇ।

ਉਨ੍ਹਾਂ ਦੱਸਿਆ ਕਿ ਉਸ ਤੋਂ ਇਕ ਘੰਟੇ ਬਾਅਦ ਹੀ ਰਵੀ ਦਾ ਮੋਬਾਈਲ ਫੋਨ ਅਤੇ ਉਸ ਨਾਲ ਗਏ ਨੌਜਵਾਨਾਂ ਦੇ ਫੋਨ ਬੰਦ ਆਉਣ ਲੱਗ ਪਏ। ਫਿਰ ਸਾਰੀ ਰਾਤ ਉਨ੍ਹਾਂ ਦੀ ਭਾਲ ਕਰਦੇ ਰਹੇ ਅਤੇ ਪੁਲਸ ਚੌਕੀ ਬੀਣੇਵਾਲ ਵੀ ਇਤਲਾਹ ਦਿੱਤੀ ਪਰ ਉਨ੍ਹਾਂ ਦਾ ਕੋਈ ਥਹੁ ਪਤਾ ਨਹੀ ਲੱਗਿਆ। ਸਵੇਰੇ ਕਰੀਬ 6 ਵਜੇ ਜਦ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਕੇ ਭਾਲ ਕਰ ਰਹੇ ਸਨ ਤਾਂ ਮੈਹਿੰਦਵਾਣੀ ਪਿੰਡ ਤੋਂ ਕਰੈਸ਼ਰ ਨੂੰ ਜਾਂਦੇ ਰਸਤੇ ਵਿਚ ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਂਦਪੁਰ ਜੈ ਚੰਦ ਦੀ ਹੱਦ ’ਚ ਜੰਗਲ ਵਿਚ ਰਵੀ ਦਾ ਮੋਟਰਸਾਈਕਲ ਕੱਚੇ ਰਸਤੇ ’ਤੇ ਖੜ੍ਹਾ ਮਿਲਿਆ ਜਦ ਆਲੇ ਦੁਆਲੇ ਭਾਲ ਕੀਤੀ ਤਾਂ ਮੋਟਰਸਾਈਕਲ ਤੋਂ ਕਰੀਬ ਕੁਝ ਦੂਰ ਝਾੜੀਆਂ ਵਿੱਚ ਪਈ ਰਵੀ ਦੀ ਲਾਸ਼ ਮਿਲੀ, ਜੋ ਕਿ ਬੁਰੀ ਤਰ੍ਹਾਂ ਪੱਥਰਾਂ ਨਾਲ ਭੰਨੀ ਹੋਈ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਮੂੰਹ ਬੁਰੀ ਤਰ੍ਹਾਂ ਪੱਥਰਾਂ ਨਾਲ ਭੰਨਿਆ ਹੋਇਆ ਸੀ ਅਤੇ ਗਰਦਨ ਦੇ ਥੱਲੇ ਤੇਜ਼ਧਾਰ ਹਥਿਆਰ ਦਾ ਜ਼ਖਮ ਵੀ ਸੀ, ਜਦਕਿ ਰਵੀ ਦੇ ਨਾਲ ਗਏ ਦੋਵੇਂ ਨੌਜਵਾਨ ਲਾਪਤਾ ਦੱਸੇ ਜਾਂਦੇ ਹਨ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਰਵੀ ਦਾ ਕਤਲ ਗਗਨਦੀਪ ਅਤੇ ਵਿਸ਼ਾਲ ਨੇ ਕੀਤਾ ਹੈ। ਹਰੋਲੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸੰਪਰਕ ਕਰਨ ’ਤੇ ਐੱਸ. ਐੱਚ. ਓ. ਹਰੋਲੀ ਇੰਸਪੈਕਟਰ ਸੁਨੀਲ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਧਾਰਾ 302,34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-