ਜੇਕਰ ਤੁਸੀਂ ਵੀ ਪੀਂਦੇ ਹੋ ਆਰ. ਓ. ਦਾ ਪਾਣੀ ਤਾਂ ਪੜ੍ਹੋ ਲੂ-ਕੰਡੇ ਖੜ੍ਹੇ ਕਰਨ ਵਾਲੀ ਖ਼ਬਰ

ਪੁਰਾਣੀ ਕਹਾਵਤ ਹੈ, ‘ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।’ ਇਹ ਗੱਲ ਹਰ ਉਸ ਚੀਜ਼ ਲਈ ਲਾਗੂ ਹੁੰਦੀ ਹੈ, ਜਿਸ ਨੂੰ ਅਸੀਂ ਸੋਨਾ ਸਮਝ ਲੈਂਦੇ ਹਾਂ। ਫਿਰ ਵੀ ਭਾਵੇਂ ਆਰ. ਓ. ਵਿਚੋਂ ਨਿਕਲਣ ਵਾਲਾ ਚਮਚਮਾਉਂਦਾ ਪਾਣੀ ਹੀ ਕਿਉਂ ਨਾ ਹੋਵੇ। ਕੀ ਆਰ. ਓ. ਦਾ ਪਾਣੀ ਜਿੰਨਾ ਸਾਫ਼ ਦੱਸਿਆ ਜਾਂਦਾ ਹੈ, ਓਨਾ ਹੀ ਗੁਣਕਾਰੀ ਵੀ ਹੁੰਦਾ ਹੈ? ਕੀ ਆਰ. ਓ. ਦੇ ਪਾਣੀ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਦੀ ਰੋਗ ਰੋਕੂ ਸਮਰੱਥਾ ਦੇ ਵਿਕਾਸ ਲਈ ਜ਼ਰੂਰੀ ਹਨ? ਕੀ ਸਾਨੂੰ ਆਰ. ਓ. ਦਾ ਪਾਣੀ ਪੀਣਾ ਚਾਹੀਦਾ ਹੈ?

ਵਿਸ਼ਵ ਸਿਹਤ ਸੰਗਠਨ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਤੈਅ ਮਾਪਦੰਡਾਂ ਮੁਤਾਬਕ ਆਰ. ਓ. ਤੇ ਹੋਰ ਤਕਨੀਕਾਂ ਰਾਹੀਂ ਸ਼ੁੱਧ ਕੀਤੇ ਜਾਣ ਵਾਲੇ ਪਾਣੀ ਨੂੰ ਉਸ ਵਿਚ ਮੌਜੂਦ ਟੋਟਲ ਡਿਜ਼ਾਲਵਡ ਸਾਲਿਡਸ ਜਾਂ ਟੀ. ਡੀ. ਐੱਸ. ਦੀ ਮਾਤਰਾ ਨਾਲ ਸਵੱਛ ਜਾਂ ਪੀਣ ਯੋਗ ਕਿਹਾ ਜਾ ਸਕਦਾ ਹੈ। ਮਨੁੱਖੀ ਸਰੀਰ ਵੱਧ ਤੋਂ ਵੱਧ 500 ਪਾਰਟਸ ਪ੍ਰਤੀ ਮਿਲੀਅਨ (ਪੀ. ਪੀ. ਐੱਮ.) ਟੀ. ਡੀ. ਐੱਸ. ਸਹਿਣ ਕਰ ਸਕਦਾ ਹੈ। ਜੇਕਰ ਇਹ ਪੱਧਰ 1000 ਪੀ. ਪੀ. ਐੱਮ. ਹੋ ਜਾਂਦਾ ਹੈ ਤਾਂ ਸਰੀਰ ਲਈ ਨੁਕਸਾਨਦੇਹ ਹੈ।

ਫਿਲਹਾਲ ਆਰ. ਓ. ਰਾਹੀਂ ਸਾਫ ਹੋਏ ਪਾਣੀ ਵਿਚ 18 ਤੋਂ 25 ਪਾਰਟਸ ਪੀ. ਪੀ. ਐੱਮ. ਟੀ. ਡੀ. ਐੱਸ. ਪਾਏ ਜਾਂਦੇ ਹਨ, ਜੋ ਕਾਫ਼ੀ ਘੱਟ ਹੈ। ਇਸ ਨੂੰ ਸਵੱਛ ਪਾਣੀ ਤਾਂ ਕਹਿ ਸਕਦੇ ਹਾਂ ਪਰ ਸਿਹਤਮੰਦ ਨਹੀਂ। 100 ਤੋਂ 150 ਮਿਲੀਗ੍ਰਾਮ/ਲਿਟਰ ਟੀ. ਡੀ. ਐੱਸ. ਲੈਵਲ ਦੇ ਪਾਣੀ ਨੂੰ ਹੀ ਪੀਣ ਲਈ ਸਹੀ ਦੱਸਿਆ ਗਿਆ ਹੈ। ਟੀ. ਡੀ. ਐੱਸ. ਲੈਵਲ 300 ਮਿਲੀਗ੍ਰਾਮ/ਲਿਟਰ ਤੋਂ ਵੱਧ ਵਾਲਾ ਪਾਣੀ ਸਵਾਦ ਅਤੇ ਸਿਹਤ ਲਈ ਖਰਾਬ ਹੁੰਦਾ ਹੈ।

ਜਦੋਂ ਅਸੀਂ ਸੋਸ਼ਲ ਮੀਡੀਆ ’ਤੇ ਆਰ. ਓ. ਦੇ ਪਾਣੀ ਨਾਲ ਸੰਬੰਧਤ ਮਿਲਣ ਵਾਲੀਆਂ ਵੱਖ-ਵੱਖ ਜਾਣਕਾਰੀਆਂ ਨੂੰ ਵੇਖਿਆ ਤਾਂ ਸੋਚਿਆ ਕਿ ਕਿਉਂ ਨਾ ਇਸ ਦੀ ਜਾਂਚ ਖ਼ੁਦ ਹੀ ਕਰ ਲਈ ਜਾਵੇ। ਉਦੋਂ ਅਸੀਂ ਮਾਪਕ ਦੀ ਮਦਦ ਨਾਲ ਆਪਣੇ ਘਰ ਅਤੇ ਦਫ਼ਤਰ ਵਿਚ ਵੱਖ-ਵੱਖ ਸੋਮਿਆਂ ਦੇ ਪਾਣੀ ਦੀ ਜਾਂਚ ਕੀਤੀ। ਆਰ. ਓ. ਵਿਚੋਂ ਨਿਕਲਣ ਵਾਲੇ ਪਾਣੀ ਦੀ ਟੀ. ਡੀ. ਐੱਸ. ਮਾਤਰਾ 20 ਤੋਂ 25 ਦਰਮਿਆਨ ਪਾਈ ਗਈ। ਜਲ ਬੋਰਡ ਵਲੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਟੀ. ਡੀ. ਐੱਸ. ਮਾਤਰਾ 100-110 ਦਰਮਿਆਨ ਪਾਈ ਗਈ। ਉਥੇ ਹੀ ਜਲ ਬੋਰਡ ਦੇ ਪਾਣੀ ਨੂੰ ਮਿੱਟੀ ਦੇ ਘੜੇ ਵਿਚ 8 ਘੰਟੇ ਤੋਂ ਵੱਧ ਰੱਖਣ ਤੋਂ ਬਾਅਦ ਉਸ ਪਾਣੀ ਦਾ ਟੀ. ਡੀ. ਐੱਸ. 125-130 ਦਰਮਿਆਨ ਆਇਆ।

ਇਸ ਦਾ ਮਤਲਬ ਇਹ ਹੋਇਆ ਕਿ ਦਿੱਲੀ ਵਰਗੇ ਸ਼ਹਿਰ ਵਿਚ ਜਲ ਬੋਰਡ ਵਲੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਕਾਫ਼ੀ ਚੰਗੀ ਹੈ ਪਰ ਜਦੋਂ ਆਪਣੇ ਹੀ ਦਫਤਰ ਦੇ ਇਕ ਸਹਿ-ਕਰਮਚਾਰੀ ਦੇ ਘਰ ਦੇ ਪਾਣੀ ਦੇ ਸੈਂਪਲ ਨੂੰ ਜਾਂਚ ਕੀਤਾ ਗਿਆ ਤਾਂ ਉਥੇ ਆਰ. ਓ. ਦਾ ਅੰਕੜਾ ਤਾਂ ਨਹੀਂ ਬਦਲਿਆ ਪਰ ਜਲ ਬੋਰਡ ਦਾ ਅੰਕੜਾ ਕਾਫ਼ੀ ਵੱਧ ਪਾਇਆ ਗਿਆ, 500 ਤੋਂ ਉਪਰ। ਅਜਿਹੇ ਇਲਾਕਿਆਂ ਵਿਚ ਜਦੋਂ ਤੱਕ ਸਹੀ ਟੀ. ਡੀ. ਐੱਸ. ਦਾ ਪਾਣੀ ਮੁਹੱਈਆ ਨਾ ਹੋਵੇ ਉਦੋਂ ਤੱਕ ਮਜਬੂਰੀ ਵਿਚ ਆਰ. ਓ. ਦਾ ਹੀ ਪਾਣੀ ਪੀਣਾ ਚਾਹੀਦਾ ਹੈ।

ਮਿੱਠੇ ਪਾਣੀ ਦਾ ਲਾਲਚ

ਪਾਣੀ ਵਿਚ ਟੀ. ਡੀ. ਐੱਸ. 100 ਮਿਲੀਗ੍ਰਾਮ ਤੋਂ ਘੱਟ ਹੋਵੇ ਤਾਂ ਉਸ ਵਿਚ ਚੀਜ਼ਾਂ ਤੇਜ਼ੀ ਨਾਲ ਘੁਲ ਸਕਦੀਆਂ ਹਨ। ਪਲਾਸਟਿਕ ਦੀ ਬੋਤਲ ਵਿਚ ਬੰਦ ਪਾਣੀ ਵਿਚ ਘੱਟ ਟੀ. ਡੀ. ਐੱਸ. ਹੋਵੇ ਤਾਂ ਉਸ ਵਿਚ ਪਲਾਸਟਿਕ ਦੇ ਕਣ ਘੁਲਣ ਦਾ ਖਤਰਾ ਵੀ ਹੁੰਦਾ ਹੈ। ਅਜਿਹਾ ਪਾਣੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਅਜਿਹਾ ਦੇਖਿਆ ਗਿਆ ਹੈ ਕਿ ਕਈ ਆਰ. ਓ. ਬਣਾਉਣ ਵਾਲੀਆਂ ਕੰਪਨੀਆਂ ਪਾਣੀ ਨੂੰ ਮਿੱਠਾ ਕਰਨ ਲਈ ਉਸ ਦਾ ਟੀ. ਡੀ. ਐੱਸ. ਘਟਾ ਦਿੰਦੀਆਂ ਹਨ। 65 ਤੋਂ 95 ਟੀ. ਡੀ. ਐੱਸ. ਹੋਣ ’ਤੇ ਪਾਣੀ ਮਿੱਠਾ ਤਾਂ ਜ਼ਰੂਰ ਹੋ ਜਾਂਦਾ ਹੈ ਪਰ ਉਸ ਵਿਚੋਂ ਕਈ ਜ਼ਰੂਰੀ ਮਿਨਰਲ ਵੀ ਨਿਕਲ ਜਾਂਦੇ ਹਨ। ਵਧੇਰੇ ਲੋਕਾਂ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਸਮਝ ਵਿਚ ਨਹੀਂ ਆਉਂਦੇ ਹਨ।

ਆਰ. ਓ. ਪਾਣੀ ਵਿਚੋਂ ਜਿਥੇ ਇਕ ਪਾਸੇ ਬੁਰੇ ਮਿਨਰਲ ਜਿਵੇਂ ਲੇਡ, ਆਰਸੇਨਿਕ, ਮਰਕਰੀ ਆਦਿ ਨੂੰ ਕੱਢ ਦਿੰਦਾ ਹੈ ਉਥੇ ਹੀ ਚੰਗੇ ਮਿਨਰਲ ਭਾਵ ਕੈਲਸ਼ੀਅਮ, ਮੈਗਨੀਸ਼ੀਅਮ ਆਦਿ ਨੂੰ ਵੀ ਕੱਢ ਦਿੰਦਾ ਹੈ। ਇਸ ਕਾਰਨ ਆਰ. ਓ. ਦੇ ਪਾਣੀ ਦੇ ਲਗਾਤਾਰ ਇਸਤੇਮਾਲ ਨਾਲ ਜ਼ਰੂਰੀ ਮਿਨਰਲ ਸਾਡੇ ਸਰੀਰ ਨੂੰ ਨਹੀਂ ਮਿਲ ਪਾਉਂਦੇ ਅਤੇ ਇਨ੍ਹਾਂ ਦੀ ਸਰੀਰ ਵਿਚ ਕਮੀ ਹੋ ਸਕਦੀ ਹੈ। ਇਸ ਲਈ ਇਹ ਸਾਡੇ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਬੀਮਾਰੀਆਂ ਨੂੰ ਸੱਦਾ

ਇਕ ਖੋਜ ਮੁਤਾਬਕ ਜੇਕਰ ਨਿਯਮਿਤ ਰੂਪ ਨਾਲ ਆਰ. ਓ. ਦਾ ਪਾਣੀ ਪੀਤਾ ਜਾਂਦਾ ਹੈ ਤਾਂ ਇਸ ਦਾ ਬੁਰਾ ਪ੍ਰਭਾਵ ਸਾਡੇ ਪਾਚਨ ਤੰਤਰ ’ਤੇ ਵੀ ਪੈਂਦਾ ਹੈ। ਪਾਚਨ ਤੰਤਰ ਦੇ ਕਮਜ਼ੋਰ ਹੋਣ ਨਾਲ ਢਿੱਡ ਨਾਲ ਸੰਬੰਧਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਜੇਕਰ ਲੰਬੇ ਸਮੇਂ ਤੱਕ ਆਰ. ਓ. ਦੇ ਪਾਣੀ ਨੂੰ ਪੀਤਾ ਜਾਵੇ ਤਾਂ ਉਸ ਨਾਲ ਦਿਲ ਸੰਬੰਧੀ ਸਮੱਸਿਆਵਾਂ, ਥਕਾਵਟ, ਸਿਰਦਰਦ ਅਤੇ ਦਿਮਾਗੀ ਸਮੱਸਿਆਵਾਂ ਆਦਿ ਵੀ ਹੋ ਸਕਦੀਆਂ ਹਨ। ਪਾਣੀ ਵਿਚ ਮੌਜੂਦ ਗੰਦਗੀ ਅਤੇ ਖਣਿਜ ਹਟਣ ਨਾਲ ਇਹ ਪਾਣੀ ਜ਼ਿਆਦਾ ਸਾਫ ਤਾਂ ਹੋ ਜਾਂਦਾ ਹੈ ਪਰ ਇਸ ਤੋਂ ਬਾਅਦ ਇਹ ਪਾਣੀ ਐਸਿਡਿਕ ਵੀ ਹੋ ਜਾਂਦਾ ਹੈ, ਜੋ ਸਰੀਰ ਲਈ ਬਹੁਤ ਹਾਨੀਕਾਰਕ ਹੈ। ਇਹੀ ਨਹੀਂ, ਪਾਣੀ ਵਿਚ ਮੌਜੂਦ ਕਾਰਬੋਨਿਕ ਐਸਿਡ ਸਾਡੇ ਸਰੀਰ ਵਿਚੋਂ ਕੈਲਸ਼ੀਅਮ ਦੀ ਮਾਤਰਾ ਨੂੰ ਵੀ ਘੱਟ ਕਰਨ ਦਾ ਕੰਮ ਕਰਦੇ ਹਨ। ਅਜਿਹੇ ਵਿਚ ਹੱਡੀਆਂ ਵਿਚ ਕਮਜ਼ੋਰੀ ਅਤੇ ਜੋੜਾਂ ਵਿਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅੱਜਕਲ ਕਾਫ਼ੀ ਡਾਕਟਰ ਆਰ. ਓ. ਦਾ ਪਾਣੀ ਬਿਲਕੁਲ ਵੀ ਨਾ ਪੀਣ ਦੀ ਸਲਾਹ ਦਿੰਦੇ ਹਨ।

ਕੁਲ ਮਿਲਾ ਕੇ ਇਹ ਮੰਨਿਆ ਜਾਵੇ ਕਿ ਸਾਨੂੰ ਬਾਜ਼ਾਰ ਦੇ ਪ੍ਰਭਾਵ ਵਿਚ ਆ ਕੇ ਅਤੇ ਭੇਡ-ਚਾਲ ਵਿਚ ਨਹੀਂ ਚੱਲਣਾ ਚਾਹੀਦਾ। ਆਪਣੇ ਸ਼ਹਿਰ ਵਿਚ ਜਲ ਬੋਰਡ ਵਲੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਜਾਂਚ ਕਰਨ ਤੋਂ ਬਾਅਦ ਹੀ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਅਸਲ ਵਿਚ ਆਰ. ਓ. ਦੀ ਲੋੜ ਹੈ ਜਾਂ ਨਹੀਂ। ਜਿਨ੍ਹਾਂ ਇਲਾਕਿਆਂ ਵਿਚ ਪਾਣੀ ਦਾ ਟੀ. ਡੀ. ਐੱਸ. ਲੈਵਲ ਤੈਅ ਮਾਪਦੰਡਾਂ ਨਾਲੋਂ ਵੱਧ ਹੈ ਜਾਂ ਖਾਰਾ ਪਾਣੀ ਆਉਂਦਾ ਹੋਵੇ ਸਿਰਫ਼ ਉਥੇ ਹੀ ਆਰ. ਓ. ਦਾ ਇਸਤੇਮਾਲ ਕਰੋ ਪਰ ਉਸ ਨੂੰ ਆਰ. ਓ. ਵਿਚੋਂ ਨਿਕਲਣ ਤੋਂ ਬਾਅਦ ਘੱਟੋ-ਘੱਟ 24 ਘੰਟੇ ਤੱਕ ਪਹਿਲਾਂ ਮਿੱਟੀ ਦੇ ਘੜੇ ਜਾਂ ਤਾਂਬੇ ਦੇ ਕਲਸ਼ ਵਿਚ ਰੱਖੋ। ਇਸ ਨਾਲ ਉਸ ਦੀ ਗੁਣਵੱਤਾ ਕਾਫੀ ਵੱਧ ਜਾਵੇਗੀ। ਹੋਰਨਾਂ ਥਾਵਾਂ ’ਤੇ ਰਵਾਇਤੀ ਤਰੀਕੇ ਵੀ ਲਾਭਦਾਇਕ ਸਿੱਧ ਹੋ ਸਕਦੇ ਹਨ। ਅਜਿਹਾ ਕਰਨ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਜ਼ਰੂਰੀ ਮਿਨਰਲ ਵੀ ਮਿਲਦੇ ਰਹਿਣਗੇ ਅਤੇ ਪਿਆਸ ਵੀ ਬੁਝੇਗੀ।

ਰਜਨੀਸ਼ ਕਪੂਰ

Leave a Reply

error: Content is protected !!