ਫ਼ੁਟਕਲ

ਕਾਂਗਰਸੀ ਆਗੂ ਮੁਲਤਾਨੀ ਦੇ ਪੁੱਤਰ ਦੀ ਮੌਤ ਦੇ ਮਾਮਲੇ ‘ਚ ਆਇਆ ਨਵਾਂ ਮੋੜ

ਜਲੰਧਰ: ਕੈਂਟ ਰੋਡ ’ਤੇ ਗੱਡੀ ਵਿਚੋਂ ਮਿਲੀ ਕਾਂਗਰਸ ਨੇਤਰੀ ਕਮਲਜੀਤ ਕੌਰ ਮੁਲਤਾਨੀ ਦੇ ਬੇਟੇ ਸਤਿੰਦਰਪਾਲ ਸਿੰਘ ਦੀ ਲਾਸ਼ ਦੇ ਮਾਮਲੇ ’ਚ ਵੱਡਾ ਮੋੜ ਆਇਆ ਹੈ। ਪੁਲਸ ਨੂੰ ਸ਼ੱਕ ਹੈ ਕਿ ਸਤਿੰਦਰਪਾਲ ਦਾ ਕਤਲ ਨਹੀਂ ਕੀਤਾ ਗਿਆ ਸਗੋਂ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਵਿਸਰਾ ਜਾਂਚ ਲਈ ਭੇਜ ਦਿੱਤਾ ਹੈ ਅਤੇ ਹੁਣ ਉਸ ਦੀ ਰਿਪੋਰਟ ਆਉਣ ਦੀ ਉਡੀਕ ਹੈ। ਦੂਜੇ ਪਾਸੇ ਕਤਲ ਦੇ ਕੇਸ ਵਿਚ ਨਾਮਜ਼ਦ ਸਤਿੰਦਰਪਾਲ ਦੇ ਦੋਸਤ ਲਵਦੀਪ ਸਿੰਘ ਮੁੰਡੇਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ।

ਪੁਲਸ ਨੇ ਲਵਦੀਪ ਸਿੰਘ ਮੁੰਡੇਰ ਪੁੱਤਰ ਤਰਸੇਮ ਸਿੰਘ ਨਿਵਾਸੀ ਪੰਜਾਬ ਐਵੇਨਿਊ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਾਂਚ ਵਿਚ ਇਹ ਵੀ ਗੱਲ ਸਾਹਮਣੇ ਆਈ ਕਿ ਲਵਦੀਪ ਵੀ ਨਸ਼ਾ ਕਰਦਾ ਸੀ ਅਤੇ ਇਹੀ ਕਾਰਨ ਹੈ ਕਿ ਪੁਲਸ ਨੇ ਉਸ ਦਾ ਰਿਮਾਂਡ ਨਹੀਂ ਲਿਆ ਕਿਉਂਕਿ ਉਸ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਸੀ। ਥਾਣਾ ਨੰਬਰ 7 ਦੇ ਐਡੀਸ਼ਨਲ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਹੁਣ ਤੱਕ ਦੀ ਜਾਂਚ ਵਿਚ ਇਹੀ ਗੱਲ ਸਾਹਮਣੇ ਆਈ ਹੈ ਕਿ 4 ਅਪ੍ਰੈਲ ਨੂੰ ਦੇਰ ਰਾਤ ਤੱਕ ਲਵਦੀਪ ਅਤੇ ਸਤਿੰਦਰਪਾਲ ਨੇ ਗੱਡੀ ਵਿਚ ਇਕੱਠੇ ਨਸ਼ਾ ਕੀਤਾ ਪਰ ਓਵਰਡੋਜ਼ ਹੋ ਜਾਣ ਨਾਲ ਸਤਿੰਦਰਪਾਲ ਮੁਲਤਾਨੀ ਦੀ ਹਾਲਤ ਵਿਗੜ ਗਈ। ਲਵਦੀਪ ਘਬਰਾਹਟ ਵਿਚ ਉਦੋਂ ਕਿਸੇ ਨੂੰ ਨਹੀਂ ਦੱਸ ਸਕਿਆ ਪਰ ਕੁਝ ਹੀ ਸਮੇਂ ਬਾਅਦ ਸਤਿੰਦਰਪਾਲ ਦੀ ਮੌਤ ਹੋ ਗਈ।

ਲਵਦੀਪ ਡਰਦਾ ਹੋਇਆ ਆਪਣੇ ਘਰ ਗਿਆ ਅਤੇ ਪਰਿਵਾਰ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਲਵਦੀਪ ਆਪਣੀ ਮਾਂ ਨੂੰ ਨਾਲ ਲੈ ਕੇ 5 ਅਪ੍ਰੈਲ ਨੂੰ ਸਵੇਰੇ 9.30 ਵਜੇ ਕਮਲਜੀਤ ਕੌਰ ਮੁਲਤਾਨੀ ਦੇ ਘਰ ਪੁੱਜਾ ਅਤੇ ਫਿਰ ਸਤਿੰਦਰਪਾਲ ਦੀ ਮੌਤ ਬਾਰੇ ਦੱਸਿਆ। ਹਾਲਾਂਕਿ ਕਮਲਜੀਤ ਕੌਰ ਮੁਲਤਾਨੀ ਨੇ ਸ਼ੱਕ ਪ੍ਰਗਟਾਇਆ ਸੀ ਕਿ ਉਸ ਦੇ ਬੇਟੇ ਨੂੰ ਲਵਦੀਪ ਨੇ ਜ਼ਹਿਰ ਦੇ ਕੇ ਮਾਰਿਆ ਹੈ ਕਿਉਂਕਿ ਜਿਸ ਢੰਗ ਨਾਲ ਸਤਿੰਦਰਪਾਲ ਦੀ ਲਾਸ਼ ਪਈ ਸੀ, ਉਸ ਤੋਂ ਇਹ ਮੌਤ ਸ਼ੱਕੀ ਲੱਗ ਰਹੀ ਸੀ। ਪੁਲਸ ਨੇ ਕਮਲਜੀਤ ਕੌਰ ਮੁਲਤਾਨੀ ਦੇ ਬਿਆਨਾਂ ’ਤੇ ਲਵਦੀਪ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਸੀ। 31 ਸਾਲਾ ਸਤਿੰਦਰਪਾਲ ਮੁਲਤਾਨੀ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਇਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-