ਸਿੰਗਾਪੁਰ: ਸ਼ਾਪਿੰਗ ਮਾਲ ਬਾਹਰ ਪੌੜੀਆਂ ਤੋਂ ਧੱਕਾ ਦੇਣ ਕਾਰਨ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ
ਸਿੰਗਾਪੁਰ: ਸਿੰਗਾਪੁਰ ਵਿੱਚ ਸ਼ਾਪਿੰਗ ਮਾਲ ਦੇ ਬਾਹਰ ਭਾਰਤੀ ਮੂਲ ਦੇ ਵਿਅਕਤੀ ਨੂੰ ਧੱਕਾ ਦਿੱਤਾ ਗਿਆ, ਜਿਸ ਕਾਰਨ ਉਹ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। 34 ਸਾਲਾ ਤੇਵੇਂਦਰਨ ਸ਼ਨਮੁਗਮ ਨੂੰ ਪਿਛਲੇ ਮਹੀਨੇ ਆਰਚਰਡ ਰੋਡ ‘ਤੇ ਕੌਨਕੋਰਡ ਸ਼ਾਪਿੰਗ ਮਾਲ ‘ਚ ਵਿਅਕਤੀ ਨੇ ਪੌੜੀਆਂ ਤੋਂ ਹੇਠਾਂ ਧੱਕਾ ਦੇ ਦਿੱਤਾ ਸੀ। ਪੌੜੀਆਂ ਤੋਂ ਡਿੱਗਣ ਕਾਰਨ ਸ਼ਨਮੁਗਮ ਦੀ ਖੋਪੜੀ ਕਈ ਥਾਂ ਤੋਂ ਟੁੱਟ ਗਈ ਸੀ। ਉਸ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ, ਜਿੱਥੇ ਸ਼ੁੱਕਰਵਾਰ ਨੂੰ ਉਸ ਨੇ ਆਖਰੀ ਸਾਹ ਲਿਆ। ਸ਼ਨਮੁਗਮ ਦਾ ਸ਼ੁੱਕਰਵਾਰ ਸ਼ਾਮ ਨੂੰ ਮੰਡਾਈ ਸ਼ਮਸ਼ਾਨਘਾਟ ‘ਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਸ਼ਨਮੁਗਮ ਨੂੰ ਧੱਕਾ ਦੇਣ ਵਾਲੇ ਮੁਹੰਮਦ ਅਜ਼ਫਰੀ ਅਬਦੁਲ ਕਾਹਾ (27) ‘ਤੇ ਜਾਣਬੁੱਝ ਕੇ ਗੰਭੀਰ ਸੱਟ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਨਮੁਗਮ ਅਤੇ ਕਾਹਾ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਉਹ ਜੇ ਦੋਸ਼ੀ ਸਾਬਤ ਹੋਇਆ ਤਾਂ ਕਾਹਾ ਨੂੰ 10 ਸਾਲ ਤੱਕ ਦੀ ਸਜ਼ਾ ਦੇ ਨਾਲ-ਨਾਲ ਕੋੜੇ ਜਾਂ ਜੁਰਮਾਨਾ ਵੀ ਹੋ ਸਕਦਾ ਹੈ।