ਪੰਜਾਬ

ਰਈਆ ਨੇੜੇ ਵੱਡੀ ਵਾਰਦਾਤ, ASI ਦੇ ਪੁੱਤ ‘ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

ਬਾਬਾ ਬਕਾਲਾ ਸਾਹਿਬ/ਰਈਆ: ਬੀਤੇ ਦਿਨ ਬਬਲੂ ਸਵੀਟਸ ਸ਼ਾਪ ਰਈਆ ਨੇੜੇ ਗੋਲ਼ੀਆਂ ਚੱਲਣ ਨਾਲ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਏ. ਐੱਸ. ਆਈ. ਜਲੰਧਰ ਦਲਜੀਤ ਸਿੰਘ ਵਾਸੀ ਨਿੱਕਾ ਰਈਆ ਵਜੋਂ ਹੋਈ ਹੈ, ਜਿਸ ਦੇ ਦੋ ਗੋਲ਼ੀਆਂ ਲੱਗੀਆਂ ਹਨ।

ਪੂਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ 6-7 ਨੌਜਵਾਨਾਂ ਗੁਰਜੰਟ ਸਿੰਘ ਹਸਨਪੁਰ, ਮਨਪ੍ਰੀਤ ਸਿੰਘ ਪੱਡਾ, ਵਿੱਕੀ, ਅਜੈ, ਰਾਜਾ ਵਾਸੀ ਡੁੱਬਗੜ੍ਹ ਰਈਆ, ਗੋਪਾ ਬੁਟਾਰੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਘੇਰ ਕੇ ਮੇਰੇ ’ਤੇ ਕਈ ਫਾਇਰ ਕੀਤੇ। ਦੋ ਗੋਲ਼ੀਆਂ ਇਕ ਪੱਟ ਤੇ ਇਕ ਖੱਬੀ ਲੱਤ ਵਿਚ ਵੱਜੀ, ਜਿਸ ਨਾਲ ਮੈਂ ਗੰਭੀਰ ਜ਼ਖ਼ਮੀ ਹੋ ਗਿਆ ਤੇ ਮੈਨੂੰ ਮੇਰੇ ਪਰਿਵਾਰ ਅਤੇ ਦੋਸਤਾਂ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਾਇਆ। ਉਪਰੰਤ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ।

ਇਸ ਮੌਕੇ ਉੱਪ ਪੁਲਸ ਕਪਤਾਨ ਹਰਿਕ੍ਰਸ਼ਨ ਸਿੰਘ ਬਾਬਾ ਬਕਾਲਾ ਸਾਹਿਬ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪੁੱਜ ਕੇ ਜ਼ਖ਼ਮੀ ਦਾ ਹਾਲ ਚਾਲ ਪੁੱਛਿਆ । ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਪੂਰੀ ਛਾਣਬੀਣ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਇਸ ਖ਼ਬਰ ਬਾਰੇ ਕੁਮੈਂਟ ਕਰੋ-