ਪਤਨੀ ਤੇ 2 ਬੱਚਿਆਂ ਨੂੰ ਦਰਦਨਾਕ ਮੌਤ ਦੇਣ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ
ਝੱਜਰ: ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਮਦਨਾ ਖੁਰਦ ਪਿੰਡ ‘ਚ ਇਕ ਵਿਅਕਤੀ ਨੇ ਐਤਵਾਰ ਰਾਤ ਆਪਣੀ ਪਤਨੀ ਅਤੇ 2 ਬੱਚਿਆਂ ਦਾ ਗਲ਼ਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਨਰੇਸ਼ (44), ਉਸ ਦੀ ਪਤਨੀ ਸੁਮਨ (40) ਅਤੇ ਬੱਚੇ ਅਨੁਸ਼ਕਾ (16) ਅਤੇ ਨਮਨ (14) ਵਜੋਂ ਕੀਤੀ ਗਈ ਹੈ। ਨਰੇਸ਼ ਇੱਥੇ ਰੋਹੜ ਪਿੰਡ ‘ਚ ਇਕ ਫੈਕਟਰੀ ‘ਚ ਕੰਮ ਕਰਦਾ ਸੀ।
ਐੱਸ.ਐੱਚ.ਓ. ਸੁਨੀਲ ਕੁਮਾਰ ਹਾਦਸੇ ਵਾਲੀ ਜਗ੍ਹਾ ਪਹੁੰਚੇ, ਉਨ੍ਹਾਂ ਨੂੰ ਸੁਮਨ ਅਤੇ ਨਮਨ ਦੀਆਂ ਲਾਸ਼ਾਂ ਘਰ ਦੇ ਕਮਰੇ ‘ਚ ਮਿਲੀਆਂ, ਜਦੋਂ ਕਿ ਅਨੁਸ਼ਕਾ ਦੀ ਲਾਸ਼ ਹੋਰ ਕਮਰੇ ‘ਚ ਮਿਲੀ ਅਤੇ ਨਰੇਸ਼ ਦੀ ਲਾਸ਼ ਵੀ ਘਰ ‘ਚ ਲਟਕੀ ਹੋਈ ਮਿਲੀ। ਉਨ੍ਹਾਂ ਕਿਹਾ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਪੁਲਸ ਸੁਪਰਡੈਂਟ ਅਰਪਿਤ ਜੈਨ ਨੇ ਕਿਹਾ ਕਿ ਪੁਲਸ ਨੇ ਨਰੇਸ਼ ਖ਼ਿਲਾਫ ਉਸ ਦੇ ਭਰਾ ਰਮੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਉਸ ਨੇ ਖੁਲਾਸਾ ਕੀਤਾ ਕਿ ਨਰੇਸ਼ ਕੁਝ ਦਿਮਾਗੀ ਬੀਮਾਰੀ ਲਈ ਇਲਾਜ ਕਰਵਾ ਰਿਹਾ ਸੀ। ਪੁਲਸ ਨੇ ਲਾਸ਼ਾਂ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਝੱਜਰ ਸਿਵਲ ਹਸਪਤਾਲ ਭੇਜ ਦਿੱਤੀਆਂ ਅਤੇ ਘਟਨਾ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।