ਸਭ ਤੋਂ ਘੱਟ ਬੋਲੀ ਦੇ ਬਾਵਜੂਦ UP ’ਚ ਅਡਾਨੀ ਗਰੁੱਪ ਦੇ ਸਮਾਰਟ ਮੀਟਰ ਟੈਂਡਰ ਰੱਦ!

ਜਲੰਧਰ: ਉੱਤਰ ਪ੍ਰਦੇਸ਼ (ਯੂ. ਪੀ.) ’ਚ ਊਰਜਾ ਵੰਡ ਕਰਨ ਵਾਲੀਆਂ 2 ਕੰਪਨੀਆਂ ਨੇ ਅਡਾਨੀ ਅਤੇ ਜੀ. ਐੱਮ. ਆਰ. ਗਰੁੱਪ ਦੀਆਂ ਕੰਪਨੀਆਂ ਵੱਲੋਂ ਸਮਾਰਟ ਮੀਟਰ ਦੇ ਕਰੀਬ 16 ਕਰੋੜ ਰੁਪਏ ਦੇ ਟੈਂਡਰ ਰੱਦ ਕਰ ਦਿੱਤੇ ਹਨ। ਦੱਸ ਦੇਈਏ ਕਿ ਸੂਬੇ ’ਚ 25,000 ਕਰੋੜ ਰੁਪਏ ਦੇ ਰੋਡ ਮੈਪ ਤਹਿਤ ਸਮਾਰਟ ਮੀਟਰਾਂ ਦੀ ਸਪਲਾਈ ਕੀਤੀ ਜਾਣੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣਾਂਚਲ ਬਿਜਲੀ ਵੰਡ ਨਿਗਮ ਅਤੇ ਪੂਰਵਾਂਚਲ ਬਿਜਲੀ ਵੰਡ ਨਿਗਮ ਨੇ ਬਿਨਾਂ ਕੋਈ ਕਾਰਨ ਦੱਸੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀਆਂ ਬੋਲੀਆਂ ਨੂੰ ਰੱਦ ਕਰ ਦਿੱਤਾ ਹੈ। ਅਡਾਨੀ ਅਤੇ ਜੀ. ਐੱਮ. ਆਰ. ਗਰੁੱਪ ਦੀਆਂ ਕੰਪਨੀਆਂ ਨੇ ਸਭ ਤੋਂ ਘੱਟ ਕੀਮਤ ’ਤੇ ਮੀਟਰ ਸਪਲਾਈ ਕਰਨ ਲਈ ਬੋਲੀ ਲਗਾਈ ਸੀ। ਦੋਵਾਂ ਨੇ ਆਪਣੇ ਟੈਂਡਰ ’ਚ 7000 ਅਤੇ 9000 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਜ਼ਿਕਰਯੋਗ ਹੈ ਕਿ ਦੋਵੇਂ ਕੰਪਨੀਆਂ ਸਮਾਰਟ ਮੀਟਰ ਨਹੀਂ ਬਣਾਉਂਦੀਆਂ ਹਨ।

ਹੁਣ ਤੱਕ 21 ਹਜ਼ਾਰ ਕਰੋੜ ਦੇ ਟੈਂਡਰ ਰੱਦ ਹੋ ਚੁੱਕੇ ਹਨ

ਫਰਵਰੀ ਦੇ ਮਹੀਨੇ ਮੱਧਾਂਚਲ ਬਿਜਲੀ ਵੰਡ ਨਿਗਮ ਨੇ ਵੀ ਸਮਾਰਟ ਮੀਟਰਾਂ ਦੀ ਬੋਲੀ ਨੂੰ ਰੱਦ ਕਰ ਦਿੱਤਾ ਸੀ, ਇਸ ਦੇ ਬਾਵਜੂਦ ਸਮਾਰਟ ਮੀਟਰਾਂ ਦੀ ਸਪਲਾਈ ਲਈ ਅਡਾਨੀ ਗਰੁੱਪ ਦੀ ਬੋਲੀ ਸਭ ਤੋਂ ਘੱਟ ਸੀ। ਪੂਰਵਾਂਚਲ ਬਿਜਲੀ ਵੰਡ ਨਿਗਮ ਲਿਮਟਿਡ ਨੇ ਇਕ ਨਵਾਂ ਟੈਂਡਰ ਕੱਢਿਆ ਹੈ ਅਤੇ ਹੋਰ ਕੰਪਨੀਆਂ ਨੂੰ ਵੀ ਨਿਲਾਮੀ ’ਚ ਹਿੱਸਾ ਲੈਣ ਦਾ ਮੌਕਾ ਦਿੱਤਾ ਹੈ, ਜਿਸ ’ਚ ਜੋ ਕੰਪਨੀਆਂ ਮੁੱਖ ਤੌਰ ’ਤੇ ਮੀਟਰ ਬਣਾਉਂਦੀਆਂ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਕਰੀਬ 21000 ਕਰੋੜ ਰੁਪਏ ਦੇ ਪ੍ਰੀਪੇਡ ਮੀਟਰਾਂ ਦੀ ਟੈਂਡਰ ਪ੍ਰਕਿਰਿਆ ਰੱਦ ਹੋ ਚੁੱਕੀ ਹੈ। ਇਸ ’ਚ ਮੱਧਾਂਚਲ ਬਿਜਲੀ ਵੰਡ ਨਿਗਮ ਦੇ ਲਗਭਗ 5400 ਕਰੋੜ, ਪੂਰਵਾਂਚਲ ਬਿਜਲੀ ਵੰਡ ਨਿਗਮ ਦੇ ਲਗਭਗ 9000 ਕਰੋੜ ਅਤੇ ਦੱਖਣਾਂਚਲ ਬਿਜਲੀ ਵੰਡ ਨਿਗਮ ਦੇ ਲਗਭਗ 7000 ਕਰੋੜ ਰੁਪਏ ਦੀ ਟੈਂਡਰ ਪ੍ਰਕਿਰਿਆ ਸ਼ਾਮਲ ਹੈ।

Leave a Reply

error: Content is protected !!