ਖੱਟੜ ਵੱਲੋਂ ਪਿਹੋਵੇ ਵਾਲੇ ਸਾਧ ਨੂੰ ਸਰਧਾਂਜਲੀ
ਕੁਰੂਕਸ਼ੇਤਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ‘ਚ ਜੁਰਾਸੀ ਖੁਰਦ ਸਥਿਤ ਡੇਰੇ ’ਚ ਸਾਧ ਮਾਨ ਸਿੰਘ ਦੀ ਮ੍ਰਿਤਕ ਦੇਹ ‘ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਖੱਟੜ ਨੇ ਇਸ ਮੌਕੇ ਕਿਹਾ ਕਿ ਬਾਬਾ ਜੀ ਨਾਲ ਉਨ੍ਹਾਂ ਦਾ ਡੂੰਘਾ ਸਬੰਧ ਰਿਹਾ ਹੈ। ਬਾਬਾ ਜੀ ਹਮੇਸ਼ਾ ਸਮਾਜ ਦੀ ਭਲਾਈ, ਲੋਕਾਂ ਦਾ ਜੀਵਨ ਖੁਸ਼ਹਾਲ ਬਣਾਉਣ, ਵਾਂਝੇ ਅਤੇ ਲੋੜਵੰਦਾਂ ਨੂੰ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਬਾਰੇ ਸੋਚਦੇ ਸਨ। ਬਾਬਾ ਮਾਨ ਸਿੰਘ ਨੂੰ ਸਮਾਜ ਸੇਵਾ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਮਾਨ ਸਿੰਘ ਦੀ ਦੇਹ ਭਾਵੇਂ ਦੁਨੀਆਂ ਤੋਂ ਰੁਖ਼ਸਤ ਹੋ ਗਈ ਹੈ ਪਰ ਉਨ੍ਹਾਂ ਦੀ ਬਾਣੀ ਅਤੇ ਵਿਚਾਰ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਸੰਤਾਂ ਦੀ ਬਾਣੀ ਅਮਰ ਹੁੰਦੀ ਹੈ ਅਤੇ ਇਹ ਅਮਰਤਾ ਅਜਿਹੀਆਂ ਸ਼ਖਸੀਅਤਾਂ ਨੂੰ ਹੀ ਮਿਲਦੀ ਹੈ, ਜੋ ਹਮੇਸ਼ਾ ਲੋਕ ਭਲਾਈ ਲਈ ਕੰਮ ਕਰਦੇ ਹਨ। ਇਸ ਲਈ ਸਾਨੂੰ ਸਭ ਨੂੰ ਸੰਤਾਂ ਦੇ ਦਰਸਾਏ ਮਾਰਗ ‘ਤੇ ਚੱਲਦੇ ਰਹਿਣਾ ਹੈ, ਇਹੀ ਸੰਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੋਕ ਸਭਾ ਵਿਚ ਸੰਸਦ ਮੈਂਬਰ ਨਾਇਬ ਸਿੰਘ, ਰਾਜ ਮੰਤਰੀ ਸੰਦੀਪ ਸਿੰਘ, ਵਿਧਾਇਕ ਸੁਭਾਸ਼ ਸੁਧਾ ਸਮੇਤ ਕਈ ਸੰਤਾਂ ਤੇ ਪਤਵੰਤਿਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।