ਚੀਨ ਦੇ ਹਮਲਾਵਰ ਰੁਖ਼ ਨੂੰ ਸਰਕਾਰ ਕਦੋਂ ਤੱਕ ਜਾਇਜ਼ ਠਹਿਰਾਏਗੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ, ‘ਆਪਣੇ ਦਾਅਵੇ ਨੂੰ ਮਜ਼ਬੂਤੀ ਨਾਲ ਰੱਖਣ ਦੀ ਬਜਾਏ ਧਾਰਨਾ ’ਚ ਫ਼ਰਕ ਦਾ ਹਵਾਲਾ ਦੇ ਕੇ ਚੀਨ ਦੇ ਹਮਲਵਾਰ ਰੁਖ਼ ਨੂੰ ਜਾਇਜ਼ ਠਹਿਰਾਉਣ ਤੋਂ ਅਸੀਂ ਕਦੋਂ ਹਟਾਂਗੇ?’ ਕਾਂਗਰਸ ਨੇ ਅੱਜ ਸਰਕਾਰ ਨੂੰ ਕਿਹਾ ਕਿ ਕੇਂਦਰ ਚੀਨ ਨਾਲ ਬਣੇ ਸਰਹੱਦੀ ਵਿਵਾਦ ਨੂੰ ਸਖ਼ਤੀ ਨਾਲ ਨਜਿੱਠੇ। ਵਿਰੋਧੀ ਧਿਰ ਨੇ ਨਾਲ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਸਵਾਲ ਕੀਤਾ ਕਿ, ‘ਉਹ ਕਦੋਂ ਸਪੱਸ਼ਟ ਰੂਪ ਵਿਚ ਇਹ ਐਲਾਨ ਕਰਨਗੇ ਕਿ, ‘ਸਰਹੱਦ ਉਤੇ 2020 ਤੋਂ ਪਹਿਲਾਂ ਵਾਲੀ ਸਥਿਤੀ ਦੀ ਬਹਾਲੀ ਸਾਡਾ ਮੁੱਖ ਮੰਤਵ ਹੈ।’ ਜ਼ਿਕਰਯੋਗ ਹੈ ਕਿ ਜੈਸ਼ੰਕਰ ਨੇ ਸੋਮਵਾਰ ਲੋਕ ਸਭਾ ਵਿਚ ਕਿਹਾ ਸੀ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਤਵਾਂਗ ਟਕਰਾਅ ਦੇ ਹਵਾਲੇ ਨਾਲ ਭਾਰਤੀ ਸੈਨਿਕਾਂ ਬਾਰੇ ਕੀਤੀਆਂ ਟਿੱਪਣੀਆਂ ਇਤਰਾਜ਼ਯੋਗ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤੀ ਸੈਨਿਕ ਅਰੁਣਾਚਲ ਵਿਚ ਡਟੇ ਹੋਏ ਹਨ। ਰਾਹੁਲ ਨੇ ਕਿਹਾ ਸੀ ਕਿ ‘ਅਰੁਣਾਚਲ ਵਿਚ ਐਲਏਸੀ ਨੇੜੇ ਭਾਰਤੀ ਸੈਨਿਕਾਂ ਦੀ ਕੁੱਟਮਾਰ ਹੋ ਰਹੀ ਹੈ।’ ਇਕ ਬਿਆਨ ਵਿਚ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ, ‘ਅਸੀਂ ਹੋਰ ਹਮਲਾਵਰ ਕਿਉਂ ਨਹੀਂ ਹੋ ਰਹੇ ਤੇ ਕਿਉਂ ਉਨ੍ਹਾਂ ਦੇ ਇਲਾਕੇ ਵਿਚ ਜਵਾਬੀ ਘੁਸਪੈਠ ਨਹੀਂ ਕਰ ਰਹੇ ਜਿਵੇਂ ਕਿ 1986 ਤੇ 2013 ਵਿਚ ਕੀਤਾ ਗਿਆ ਸੀ।’ ਰਮੇਸ਼ ਨੇ ਕਿਹਾ ਕਿ ਕਾਂਗਰਸ ਵਿਦੇਸ਼ ਮੰਤਰੀ ਦੇ ਬਿਆਨਾਂ ਨਾਲ ਸਹਿਮਤ ਹੈ ਕਿ ਜਵਾਨਾਂ ਦਾ ‘ਸਤਿਕਾਰ ਤੇ ਸ਼ਲਾਘਾ’ ਕਰਨੀ ਬਣਦੀ ਹੈ ਕਿਉਂਕਿ ਇਹ ਐਨੇ ਸਖ਼ਤ ਵਾਤਾਵਰਨ ਵਿਚ ਡਟੇ ਹੋਏ ਹਨ। ਰਮੇਸ਼ ਨੇ ਨਾਲ ਹੀ ਪੁੱਛਿਆ ਕਿ, ‘ਕੀ ਇਹ ਉਹੀ ਸਤਿਕਾਰ ਹੈ ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਹਿਣ ਲਈ ਉਤਸ਼ਾਹਿਤ ਕੀਤਾ ਕਿ ‘ਨਾ ਤਾਂ ਉੱਥੇ ਕੋਈ ਸਾਡੀ ਸੀਮਾ ਅੰਦਰ ਵੜਿਆ ਹੈ ਤੇ ਨਾ ਹੀ ਕੋਈ ਵੜਿਆ ਹੋਇਆ ਹੈ। ਇਹ ਟਿੱਪਣੀ ਪ੍ਰਧਾਨ ਮੰਤਰੀ ਨੇ ਗਲਵਾਨ ’ਚ ਸਾਡੇ 20 ਸੈਨਿਕਾਂ ਦੀ ਸ਼ਹੀਦੀ ਤੋਂ ਬਾਅਦ ਕੀਤੀ ਸੀ।’

ਜ਼ਿਕਰਯੋਗ ਹੈ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਭਾਰਤੀ ਸਰਹੱਦ ਅੰਦਰ ਚੀਨੀ ਘੁਸਪੈਠ ਬਾਰੇ ਸਦਨ ’ਚ ਬਹਿਸ ਨਾ ਕਰਾਏ ਜਾਣ ਤੋਂ ਖਫ਼ਾ ਵਿਰੋਧੀ ਧਿਰ ਨੇ ਸੋਮਵਾਰ ਵੀ ਸਦਨ ’ਚੋਂ ਵਾਕਆਊਟ ਕਰ ਦਿੱਤਾ ਸੀ। ਕਾਂਗਰਸ ਪ੍ਰਧਾਨ ਖੜਗੇ ਨੇ ਦੋਸ਼ ਲਾਇਆ ਸੀ ਚੀਨ ਨੇ ਭਾਰਤੀ ਜ਼ਮੀਨ ’ਤੇ ਘੁਸਪੈਠ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਇਹ ਕੌਮੀ ਅਹਿਮੀਅਤ ਦਾ ਮੁੱਦਾ ਹੈ ਅਤੇ ਇਸ ’ਤੇ ਬਹਿਸ ਹੋਣੀ ਚਾਹੀਦੀ ਹੈ। 

‘ਪਾਕਿਸਤਾਨ ਵਾਂਗ ਚੀਨ ਦੇ ਰਾਜਦੂਤ ਨੂੰ ਤਲਬ ਕਿਉਂ ਨਹੀਂ ਕੀਤਾ ਜਾ ਰਿਹੈ?’

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਦਾਅਵੇ ਕਿ ਚੀਨ ਨਾਲ ਸਾਡੇ ਰਿਸ਼ਤੇ ‘ਸੁਖਾਵੇਂ’ ਨਹੀਂ ਹਨ, ’ਤੇ ਕਾਂਗਰਸ ਨੇ ਸਵਾਲ ਕੀਤਾ ਕਿ, ‘ਕਿਉਂ ਚੀਨ ਦੇ ਰਾਜਦੂਤ ਨੂੰ ਸੱਦ ਕੇ ਇਸ ਬਾਰੇ ਚਿਤਾਵਨੀ ਨਹੀਂ ਦਿੱਤੀ ਗਈ, ਜਿਵੇਂ ਕਿ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਦਿੱਤੀ ਜਾਂਦੀ ਹੈ।’ ਜੈਰਾਮ ਰਮੇਸ਼ ਨੇ ਚੀਨ ਤੋਂ ਕੀਤੀ ਜਾ ਰਹੀ ਰਿਕਾਰਡ ਦਰਾਮਦ ਉਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਨੇ ਚੀਨੀ ਸੈਨਾ ਨਾਲ ਰੂਸ ਵਿਚ ਸਤੰਬਰ 2022 ’ਚ ਜੰਗੀ ਅਭਿਆਸ ਵੀ ਕੀਤਾ ਹੈ। ਵਿਦੇਸ਼ ਮੰਤਰੀ ਦੇ ਇਕ ਹੋਰ ਬਿਆਨ ਕਿ ਭਾਰਤੀ ਸੈਨਾ ਚੀਨ ਨੂੰ ਐਲਏਸੀ ਉਤੇ ਇਕਪਾਸੜ ਤਬਦੀਲੀ ਨਹੀਂ ਕਰਨ ਦੇਵੇਗੀ, ’ਤੇ ਰਮੇਸ਼ ਨੇ ਕਿਹਾ ਕਿ ‘ਕੀ ਪਿਛਲੇ ਦੋ ਸਾਲਾਂ ਵਿਚ ਚੀਨੀ ਫੌਜ ਨੇ ਦੇਪਸਾਂਗ ਦੇ 18 ਕਿਲੋਮੀਟਰ ਅੰਦਰ ਤੱਕ ਘੁਸਪੈਠ ਨਹੀਂ ਕੀਤੀ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਸੱਚ ਇਹ ਹੈ ਕਿ ਸਾਡੇ ਸੈਨਿਕ ਲੱਦਾਖ ’ਚ ਹਜ਼ਾਰ ਸਕੁਏਅਰ ਕਿਲੋਮੀਟਰ ਇਲਾਕੇ ਵਿਚ ਗਸ਼ਤ ਨਹੀਂ ਕਰ ਰਹੇ ਹਨ, ਜਿੱਥੇ ਪਹਿਲਾਂ ਕਰਦੇ ਰਹੇ ਹਨ।

Leave a Reply

error: Content is protected !!