ਫੀਚਰਜ਼ਭਾਰਤ

ਕੇਂਦਰ ਨੇ ਕੀਤਾ ਪੰਜਾਬ ਦੇ ਕਿਸਾਨਾਂ ਲਈ ਐਲਾਨ

ਚੰਡੀਗੜ੍ਹ/ਪ‌ਟਿਆਲਾ : ਪੰਜਾਬ ਵਿਚ ਮੀਂਹ, ਗੜ੍ਹੇਮਾਰੀ ਤੇ ਤੇਜ਼ ਝੱਖਣ ਕਾਰਨ ਕਣਕ ਦੀ ਫਸਲ ਦੇ ਹੋਏ ਨੁਕਸਾਨ ਦੇ ਮਾਮਲੇ ਵਿਚ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ ਸ਼ਰਤਾਂ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਖਪਤਕਾਰ ਮਾਮਲਾ, ਖੁਰਾਕ ਅਤੇ ਜਨਤਕ ਵੰਡ ਮਾਮਲੇ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਉਹ ਮੰਡੀਆਂ ਵਿਚ ਆਉਣ ਵਾਲੀ ਸਾਰੀ ਕਣਕ ਖਰੀਦੇਗੀ। ਜਾਰੀ ਹੁਕਮਾਂ ਮੁਤਾਬਕ ਦਾਣਾ ਬਦਰੰਗ ਹੋਣ ਦੇ ਮਾਮਲੇ ਵਿਚ 5.31 ਰੁਪਏ ਤੋਂ 31.87 ਰੁਪਏ ਪ੍ਰਤੀ ਕੁਇੰਟਲ ਦਾ ਕੱਟ ਲਗਾਇਆ ਜਾਵੇਗਾ।

ਪੰਜਾਬ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਕੋਈ ਕੱਟ ਨਾ ਲਗਾਇਆ ਜਾਵੇ। ਪੰਜਾਬ ਵਿਚ 14.57 ਲੱਖ ਹੈਕਟੇਅਰ ਰਕਬੇ ਵਿਚ ਖੜ੍ਹੀ ਫਸਲ ਪ੍ਰਭਾਵਤ ਹੋਈ ਹੈ। ਹੁਣ ਭਾਰਤ ਸਰਕਾਰ ਨੇ ਕਿਹਾ ਹੈ ਕਿ ਕਣਕ ਦੇ 10 ਫੀਸਦੀ ਤੱਕ ਬਦਰੰਗ ਦਾਣੇ ਲਈ ਐੱਮ. ਐੱਸ. ਪੀ ’ਤੇ ਕੋਈ ਕੱਟ ਨਹੀਂ ਲਾਇਆ ਜਾਵੇਗਾ। 10 ਤੋਂ 80 ਫੀਸਦੀ ਬਦਰੰਗ ਦਾਣੇ ’ਤੇ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲੱਗੇਗਾ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਦਾਣਾ 35 ਤੋਂ 80 ਫੀਸਦੀ ਬਦਰੰਗ ਹੋਇਆ ਹੈ।

ਇਸੇ ਤਰੀਕੇ ਦਾਣੇ ਦੇ 6 ਫੀਸਦੀ ਤੱਕ ਹੋਏ ਨੁਕਸਾਨ ਲਈ ਕੋਈ ਕੱਟ ਨਹੀਂ ਲੱਗੇਗਾ ਪਰ ਜੇਕਰ ਦਾਣਾ 6 ਤੋਂ 8 ਫੀਸਦੀ ਸੁੰਗੜਿਆ ਜਾਂ ਟੁੱਟਿਆ ਹੈ ਤਾਂ ਫਿਰ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲੱਗੇਗਾ। 8 ਤੋਂ 10 ਫੀਸਦੀ ਵਾਸਤੇ 10.62 ਰੁਪਏ, 15 ਤੋਂ 16 ਫੀਸਦੀ ਲਈ 26.66 ਰੁਪਏ ਅਤੇ 16 ਤੋਂ 18 ਫੀਸਦੀ ਦਾਣਾ ਟੁੱਟਾ ਜਾਂ ਸੁੰਗੜਿਆ ਹੋਣ ’ਤੇ 31.87 ਫੀਸਦੀ ਕੱਟ ਲੱਗੇਗਾ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਦਾਣਾ 15 ਤੋਂ 18 ਫੀਸਦੀ ਨੁਕਸਾਨਿਆ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-