ਭਾਰਤ

‘3ਡੀ’ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ ਬੈਂਗਲੁਰੂ ‘ਚ ਬਣਾਇਆ ਜਾ ਰਿਹਾ ਭਾਰਤ ਦਾ ਪਹਿਲਾ ਡਾਕਘਰ

 

ਬੈਂਗਲੁਰੂ- L&T ਕੰਸਟ੍ਰਕਸ਼ਨ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੈਂਗਲੁਰੂ ‘ਚ ‘3D’ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ ਭਾਰਤ ਦਾ ਪਹਿਲਾ ਡਾਕਘਰ ਬਣਾ ਰਹੀ ਹੈ। ਕੰਪਨੀ ਨੇ ਕਿਹਾ ਕਿ ਇਸ ਪ੍ਰਾਜੈਕਟ ‘ਚ 45 ਦਿਨਾਂ ਦੇ ਅੰਦਰ ‘3ਡੀ’ ਕੰਕਰੀਟ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ 1,000 ਵਰਗ ਫੁੱਟ ਦੇ ਹਲਾਸੁਰੂ ਡਾਕਘਰ ਨੂੰ ਡਿਜ਼ਾਈਨ ਕਰਨਾ ਅਤੇ ਉਸ ਦਾ ਨਿਰਮਾਣ ਕਰਨਾ ਹੈ।

L&T ਨੇ ਇਕ ਬਿਆਨ ‘ਚ ਕਿਹਾ ਕਿ ਜਿੱਥੇ ਇਸ ਤਕਨਾਲੋਜੀ ਨੂੰ ਨਿਰਮਾਣ ਮਟੀਰੀਅਲਜ਼ ਐਂਡ ਤਕਨਾਲੋਜੀ ਪ੍ਰਮੋਸ਼ਨ ਕੌਂਸਲ (BMTPC) ਵਲੋਂ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ ਡਾਕਘਰ ਦੇ ਢਾਂਚਾਗਤ ਡਿਜ਼ਾਈਨ ਨੂੰ IIT ਮਦਰਾਸ ਵਲੋਂ ਮਨਜ਼ੂਰੀ ਦਿੱਤੀ ਗਈ ਹੈ। L&T ਕੰਸਟ੍ਰਕਸ਼ਨ ਦੇ ਡਾਇਰੈਕਟਰ ਅਤੇ ਸੀਨੀਅਰ ਕਾਰਜਕਾਰੀ ਉਪ ਪ੍ਰਧਾਨ ਐਮ.ਵੀ. ਸਤੀਸ਼ ਮੁਤਾਬਕ ਡਾਕਘਰ ਕਰਨਾਟਕ ਦੀ ਪਹਿਲੀ ਜਨਤਕ ਇਮਾਰਤ ਹੈ, ਜਿਸ ਨੂੰ ‘3ਡੀ’ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਜਾ ਰਿਹਾ ਹੈ।

ਡਾਇਰੈਕਟਰ ਸਤੀਸ਼ ਨੇ ਕਿਹਾ ਕਿ ਪ੍ਰਾਜੈਕਟ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਇਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਇਮਾਰਤ ਬੈਂਗਲੁਰੂ ਵਿਚ ਇਕ ‘ਮੀਲ ਦਾ ਪੱਥਰ’ ਸਾਬਤ ਹੋਵੇਗੀ। L&T ਮੁਤਾਬਕ ‘3D’ ਕੰਕਰੀਟ ਪ੍ਰਿੰਟਿੰਗ ਇਕ ਉੱਭਰਦੀ ਹੋਈ ਤਕਨੀਕ ਹੈ, ਜਿਸ ਰਾਹੀਂ ਉਸਾਰੀ ਪ੍ਰਕਿਰਿਆ ਨੂੰ ਤੇਜ਼ ਕਰ ਕੇ ਅਤੇ ਸਮੁੱਚੀ ਉਸਾਰੀ ਦੀ ਗੁਣਵੱਤਾ ਨੂੰ ਵਧਾ ਕੇ ਪੁਰਾਣੇ ਨਿਰਮਾਣ ਅਭਿਆਸਾਂ ਨੂੰ ਬਦਲਿਆ ਜਾ ਸਕਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-