CBI ਨੂੰ ਆਵਾਜ਼ ਦਾ ਨਮੂਨਾ ਦੇਣ ਤੋਂ ਬਾਅਦ ਬੋਲੇ ਟਾਈਟਲਰ- ਕਤਲੇਆਮ ਦਾ ਦੋਸ਼ ਸਾਬਿਤ ਹੋਇਆ ਤਾਂ ਫਾਂਸੀ ਮਨਜ਼ੂਰ

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ ਦੇ ਪੁਲ ਬੰਗਸ਼ ਇਲਾਕੇ ‘ਚ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਮੰਗਲਵਾਰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ। ਉੱਥੇ ਹੀ ਆਵਾਜ਼ ਦਾ ਨਮੂਨਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਾਈਟਲਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ। ਉਹ ਦੋਸ਼ੀ ਨਹੀਂ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਦੋਸ਼ੀ ਹਨ ਅਤੇ ਉਨ੍ਹਾਂ ਖ਼ਿਲਾਫ਼ ਸਬੂਤ ਹਨ ਤਾਂ ਉਹ ਇਸ ਮਾਮਲੇ ‘ਚ ਜੇਲ੍ਹ ਜਾਣ ਅਤੇ ਫਾਂਸੀ ‘ਤੇ ਲਟਕਣ ਲਈ ਵੀ ਤਿਆਰ ਹਨ। ਜਦੋਂ ਟਾਈਟਲਰ ਤੋਂ ਪੁੱਛਿਆ ਗਿਆ ਕਿ ਕੀ ਸੀ.ਬੀ.ਆਈ. ਨੇ ਉਨ੍ਹਾਂ ਦੀ ਆਵਾਜ਼ ਪਛਾਣ ਲਈ ਆਵਾਜ਼ ਦਾ ਨਮੂਨਾ ਲੈ ਲਿਆ ਹੈ ਤਾਂ ਉਨ੍ਹਾਂ ਕਿਹਾ ਕਿ ਨਮੂਨਾ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਨਹੀਂ ਸਗੋਂ ਦੂਜੇ ਮਾਮਲੇ ‘ਚ ਲਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਰਾਜਨੇਤਾ ਮਨਜੀਤ ਸਿੰਘ ਜੀ.ਕੇ. ਨੂੰ ਵੀ ਤਲਬ ਕੀਤਾ ਹੈ। ਮਨਜੀਤ ਸਿੰਘ ਜੀ.ਕੇ. ਨੇ ‘ਸਟਿੰਗ ਟੇਪ’ ਜਾਰੀ ਕੀਤੇ ਸਨ, ਜਿਨ੍ਹਾਂ ‘ਚ ਟਾਈਟਲਰ ਦੱਸੇ ਗਏ ਇਕ ਵਿਅਕਤੀ ਨੇ ਸਿੱਖਾਂ ਦਾ ਕਤਲ ਕਰਨ ਦਾ ਦਾਅਵਾ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਤਿੰਨ ਕਲੋਜ਼ਰ ਰਿਪੋਰਟ ਦਾਖ਼ਲ ਕਰਨ ਵਾਲੀ ਏਜੰਸੀ ਨੇ ਮਾਮਲੇ ‘ਚ ਨਵੇਂ ਸਬੂਤ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀ ਟਾਈਟਲਰ ਦੀ ਆਵਾਜ਼ ਦੇ ਨਮੂਨੇ ਦਾ ਅਤੇ ਵੀਡੀਓ ‘ਚ ਸੁਣਾਈ ਦੇਣ ਵਾਲੀ ਆਵਾਜ਼ ਨਾਲ ਮਿਲਾਨ ਕਰ ਸਕਦੀ ਹੈ। ਦੰਗਿਆਂ ਦੀਜਾਂਚ ਕਰਨ ਵਾਲੀ ਨਾਨਾਵਤੀ ਆਯੋਗ ਦੀ ਰਿਪੋਰਟ ‘ਚ ਟਾਈਟਲਰ ਦਾ ਨਾਮ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟਾਈਟਲਰ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਪਹੁੰਚੇ, ਜਿੱਥੇ ਮਾਹਿਰਾਂ ਨੇ ਉਨ੍ਹਾਂ ਦੀ ਆਵਾਜ਼ ਦਾ ਨਮੂਨਾ ਲਿਆ। ਜ਼ਰੂਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਜਾਣ ਦਿੱਤਾ ਗਿਆ। ਮਾਮਲਾ ਇਕ ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਇਲਾਕੇ ‘ਚ ਦੰਗਿਆਂ ਦੌਰਾਨ ਤਿੰਨ ਲੋਕਾਂ ਦੇ ਕਤਲ ਨਾਲ ਜੁੜਿਆ ਹੈ। ਸਾਲ 1984 ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਕਰਮੀਆਂ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ ਦੇਸ਼ ‘ਚ ਸਿੱਖ ਭਾਈਚਾਰੇ ‘ਤੇ ਹਿੰਸਕ ਹਮਲੇ ਕੀਤੇ ਗਏ ਸਨ।

Leave a Reply

error: Content is protected !!