ਪੰਜਾਬ

ਤਾਪਮਾਨ ਵਧਣ ਨਾਲ ਬਿਜਲੀ ਖ਼ਪਤ ’ਚ ਇਜ਼ਾਫਾ, ਲੱਗਣ ਲੱਗੇ ‘ਪਾਵਰਕੱਟ’, ਅਧਿਕਾਰੀਆਂ ਨੂੰ ਮਿਲੇ ਇਹ ਨਿਰਦੇਸ਼

ਜਲੰਧਰ: ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨਾਲ ਏ. ਸੀ. ਦੀ ਵਰਤੋਂ ਵਧਣ ਲੱਗੀ ਹੈ। ਇਸ ਕਾਰਨ ਬਿਜਲੀ ਦੀ ਖ਼ਪਤ ਵਿਚ ਭਾਰੀ ਇਜ਼ਾਫਾ ਦਰਜ ਹੋਇਆ ਹੈ। ਗਰਮੀ ਵਿਚ ਰਿਪੇਅਰ ਦੇ ਨਾਂ ’ਤੇ ਲੱਗਣ ਵਾਲੇ ਕੱਟਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਕੱਟਣ ਲੱਗਣ ਕਾਰਨ ਜਨਤਾ ਵਿਚ ਬੇਚੈਨੀ ਵਧਣ ਲੱਗੀ ਹੈ ਕਿਉਂਕਿ ਅਜੇ ਗਰਮੀ ਦੀ ਸ਼ੁਰੂਆਤ ਹੋਈ ਹੈ ਅਤੇ ਹੁਣ ਤੋਂ ਹੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ।

ਉਥੇ ਹੀ, ਇਸ ਸਬੰਧੀ ਅਧਿਕਾਰੀਆਂ ਦਾ ਤਰਕ ਹੈ ਕਿ ਕਈ ਇਲਾਕਿਆਂ ਵਿਚ ਰਿਪੇਅਰ, ਜਦਕਿ ਕਈ ਇਲਾਕਿਆਂ ਵਿਚ ਸਮਾਰਟ ਸਿਟੀ ਤਹਿਤ ਬਿਜਲੀ ਦੀਆਂ ਤਾਰਾਂ ਆਦਿ ਸ਼ਿਫ਼ਟ ਕਰਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਬਿਜਲੀ ਬੰਦ ਰੱਖਣੀ ਪੈ ਰਹੀ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਬੁੱਧਵਾਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ, ਜਦਕਿ ਕੁਝ ਦਿਨਾਂ ਵਿਚ ਤਾਪਮਾਨ 40 ਡਿਗਰੀ ਤੱਕ ਪਹੁੰਚ ਜਾਵੇਗਾ। ਤਾਪਮਾਨ ਵਧਣ ਨਾਲ ਬਿਜਲੀ ਦੀ ਖ਼ਪਤ ਵਧਣੀ ਸੁਭਾਵਿਕ ਹੈ। ਖ਼ਪਤ ਵਧਣ ਨਾਲ ਟਰਾਂਸਫਾਰਮਰ ਦਾ ਲੋਡ ਵਧਦਾ ਹੈ, ਜਿਸ ਕਾਰਨ ਓਵਰਲੋਡ ਟਰਾਂਸਫਾਰਮਰ ਵਿਚ ਫਾਲਟ ਪੈਂਦੇ ਹਨ।

ਭਵਿੱਖ ਵਿਚ ਵਧਣ ਵਾਲੀ ਗਰਮੀ ਦੇ ਮੱਦੇਨਜ਼ਰ ਵਿਭਾਗ ਵੱਲੋਂ ਰਿਪੇਅਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਤਾਰਾਂ ਨੂੰ ਬਦਲਿਆ ਜਾ ਰਿਹਾ ਹੈ। ਇਸ ਕਾਰਨ ਸ਼ਹਿਰ ਵਿਚ ਵੱਖ-ਵੱਖ ਸਥਾਨਾਂ ’ਤੇ ਰਿਪੇਅਰ ਹੁੰਦੀ ਵੇਖੀ ਜਾ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਖ਼ਪਤ ਵਧ ਚੁੱਕੀ ਹੈ, ਜਿਸ ਕਾਰਨ ਪਾਵਰਕਾਮ ਵੱਲੋਂ ਸਾਵਧਾਨੀ ਅਪਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਕ੍ਰਮ ਵਿਚ ਡਿਵੀਜ਼ਨਲ ਐਕਸੀਅਨ ਨੂੰ ਸੰਵੇਦਨਸ਼ੀਲ ਫੀਡਰਾਂ ’ਤੇ ਫੋਕਸ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਲੋਅ ਵੋਲਟੇਜ ਟਰਾਂਸਫਰਮਰਾਂ ਨੂੰ ਪਛਾਣ ਕੇ ਡੀ-ਲੋਡ ਕਰਨ ਦੇ ਨਿਰਦੇਸ਼ ਹੋ ਚੁੱਕੇ ਹਨ। ਇਸੇ ਕ੍ਰਮ ਵਿਚ ਕਈ ਫੀਡਰਾਂ ਨੂੰ ਡੀ-ਲੋਡ ਕੀਤਾ ਜਾ ਚੁੱਕਾ ਹੈ, ਜਦਕਿ ਕਈਆਂ ’ਤੇ ਕੰਮ ਚੱਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਏ. ਸੀ. ਦੀ ਵਰਤੋਂ ਵਧਣ ਨਾਲ ਫੀਡਰਾਂ ’ਤੇ ਲੋਡ ਪੈਣ ਲੱਗਦਾ ਹੈ। ਲੋਕਾਂ ਵੱਲੋਂ ਸਹੀ ਲੋਡ ਨਾ ਦੱਸਣ ਕਾਰਨ ਟਰਾਂਸਫਾਰਮਰ ਤੋਂ ਇਸਤੇਮਾਲ ਹੋਣ ਵਾਲੇ ਸਹੀ ਲੋਡ ਦਾ ਸਮੇਂ ’ਤੇ ਪਤਾ ਨਹੀਂ ਚੱਲਦਾ। ਇਸੇ ਕਾਰਨ ਵਿਭਾਗ ਵੱਲੋਂ ਹੁਣ ਤੋਂ ਓਵਰਲੋਡ ਟਰਾਂਸਫਾਰਮਰਾਂ ਨੂੰ ਵੱਡਾ ਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ।

ਸਹੀ ਲੋਡ ਦੀ ਜਾਣਕਾਰੀ ਦੇਣ ਖਪਤਕਾਰ : ਇੰਜੀ. ਸਾਰੰਗਲ
ਚੀਫ਼ ਇੰਜੀ. ਆਰ. ਐੱਲ. ਸਾਰੰਗਲ ਨੇ ਕਿਹਾ ਕਿ ਖ਼ਪਤਕਾਰ ਆਪਣੇ ਸਹੀ ਲੋਡ ਦੀ ਜਾਣਕਾਰੀ ਵਿਭਾਗ ਨੂੰ ਦੇ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਸਹੀ ਲੋਡ ਦਾ ਪਤਾ ਲੱਗਣ ’ਤੇ ਉਹ ਛੋਟੇ ਟਰਾਂਸਫਾਰਮਰਾਂ ਨੂੰ ਵੱਡਾ ਕਰਨ ਪ੍ਰਤੀ ਕਦਮ ਉਠਾ ਸਕੇਗਾ। ਇਸ ਦਾ ਫਾਇਦਾ ਖ਼ਪਤਕਾਰਾਂ ਨੂੰ ਹੋਵੇਗਾ ਅਤੇ ਬਿਜਲੀ ਫਾਲਟ ਵਿਚ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਕਿਸੇ ਇਲਾਕੇ ਵਿਚ ਸ਼ਡਿਊਲ ਕੱਟ ਨਹੀਂ ਲਗਾਏ ਗਏ।

ਇਸ ਖ਼ਬਰ ਬਾਰੇ ਕੁਮੈਂਟ ਕਰੋ-