ਭਾਜਪਾ ਬਾਰੇ ਖੜਗੇ ਦੀਆਂ ਟਿੱਪਣੀਆਂ ’ਤੇ ਦੋਵਾਂ ਸਦਨਾਂ ’ਚ ਹੰਗਾਮਾ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਰਾਜਸਥਾਨ ਦੇ ਅਲਵਰ ਵਿਚ ਸੋਮਵਾਰ ਕੀਤੀਆਂ ਕੁਝ ਟਿੱਪਣੀਆਂ ’ਤੇ ਅੱਜ ਰਾਜ ਸਭਾ ਤੇ ਲੋਕ ਸਭਾ ਵਿਚ ਕਾਫ਼ੀ ਹੰਗਾਮਾ ਹੋਇਆ। ਜ਼ਿਕਰਯੋਗ ਹੈ ਕਿ ਇਨ੍ਹਾਂ ਟਿੱਪਣੀਆਂ ਰਾਹੀਂ ਖੜਗੇ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਸੀ। ਵਿਰੋਧੀ ਤੇ ਸੱਤਾਧਾਰੀ ਧਿਰਾਂ ਵਿਚਾਲੇ ਅੱਜ ਇਸ ਮੁੱਦੇ ਉਤੇ ਕਾਫ਼ੀ ਸ਼ਬਦੀ ਤਕਰਾਰ ਦੇਖਣ ਨੂੰ ਮਿਲਿਆ। ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਖੜਗੇ ਦੀ ਟਿੱਪਣੀ ਨੂੰ ‘ਮਾੜੀ’ ਕਰਾਰ ਦਿੰਦਿਆਂ ਕਾਂਗਰਸ ਪ੍ਰਧਾਨ ਨੂੰ ਮੁਆਫ਼ੀ ਮੰਗਣ ਲਈ ਕਿਹਾ। ਹਾਲਾਂਕਿ ਖੜਗੇ ਨੇ ਇਸ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਭਾਜਪਾ ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕੋਈ ਯੋਗਦਾਨ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਟਿੱਪਣੀਆਂ ਉਨ੍ਹਾਂ ਸੰਸਦ ਤੋਂ ਬਾਹਰ ਕੀਤੀਆਂ ਹਨ ਤੇ ਇਨ੍ਹਾਂ ਉਤੇ ਇੱਥੇ ਚਰਚਾ ਨਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਕ ਰੈਲੀ ਵਿਚ ਸੋਮਵਾਰ ਖੜਗੇ ਨੇ ਕਿਹਾ ਸੀ ਕਿ, ‘ਜਿੱਥੇ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਸੀ ਉੱਥੇ ਭਾਜਪਾ ਦੇ ਇਕ ‘ਕੁੱਤੇ’ ਨੇ ਵੀ ਦੇਸ਼ ਲਈ ਜਾਨ ਨਹੀਂ ਗੁਆਈ।’ ਉਨ੍ਹਾਂ ਨਾਲ ਹੀ ਕਿਹਾ ਸੀ ਕਿ ਭਾਜਪਾ ਸਰਕਾਰ ‘ਦੇਸ਼ ਤੋਂ ਬਾਹਰ ਤਾਂ ਸ਼ੇਰਾਂ ਵਾਂਗ ਗੱਲਾਂ ਕਰਦੀ ਹੈ ਤੇ ਅੰਦਰ ਚੂਹੇ ਵਾਂਗ ਵਿਹਾਰ ਕਰਦੀ ਹੈ।’ ਇਸ ਟਿੱਪਣੀ ਰਾਹੀਂ ਉਨ੍ਹਾਂ ਭਾਜਪਾ ਸਰਕਾਰ ਨੂੰ ਚੀਨ ਦੇ ਮੁੱਦੇ ਉਤੇ ਨਿਸ਼ਾਨਾ ਬਣਾਇਆ ਸੀ। ਰਾਜ ਸਭਾ ਦੇ ਮੈਂਬਰ ਜਗਦੀਪ ਧਨਖੜ ਨੇ ਰੋਸ ਜ਼ਾਹਿਰ ਕਰ ਰਹੇ ਸੱਤਾਧਾਰੀ ਧਿਰ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਉਤੇ ਬੈਠਣ ਲਈ ਕਿਹਾ। ਉਨ੍ਹਾਂ ਸਦਨ ਦੇ ਆਗੂ ਪਿਊਸ਼ ਗੋਇਲ ਨੂੰ ਵੀ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ। ਚੇਅਰਮੈਨ ਨੇ ਮੈਂਬਰਾਂ ਦੇ ਵਿਹਾਰ ਉਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ। ਗੋਇਲ ਨੇ ਕਿਹਾ, ‘ਕੱਲ੍ਹ ਵਿਰੋਧੀ ਧਿਰ ਦੇ ਆਗੂ ਖੜਗੇ ਨੇ ਅਲਵਰ ’ਚ ਭਾਸ਼ਣ ਦੌਰਾਨ ਮਾੜੀ ਸ਼ਬਦਾਵਲੀ ਵਰਤੀ ਹੈ। ਬੇਬੁਨਿਆਦੀ ਟਿੱਪਣੀਆਂ ਕੀਤੀਆਂ ਗਈਆਂ ਹਨ ਤੇ ਦੇਸ਼ਵਾਸੀਆਂ ਅੱਗੇ ਝੂਠ ਰੱਖਿਆ ਗਿਆ ਹੈ। ਮੈਂ ਇਸ ਦੀ ਨਿਖੇਧੀ ਕਰਦਾ ਹਾਂ ਤੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਹਿੰਦਾ ਹਾਂ।’ -ਪੀਟੀਆਈ 

‘ਜੇ ਉਹੀ ਟਿੱਪਣੀਆਂ ਦੁਹਰਾ ਦਿੱਤੀਆਂ ਤਾਂ ਸੱਤਾਧਾਰੀਆਂ ਨੂੰ ਮੁਸ਼ਕਲ ਹੋਵੇਗੀ’    

ਕਾਂਗਰਸ ਪ੍ਰਧਾਨ ਤੇ ਉਪਰਲੇ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ, ‘ਜੇ ਮੈਂ ਸਦਨ ਵਿਚ ਉਹੀ ਦੁਹਰਾ ਦਿੱਤਾ ਜੋ ਕੱਲ੍ਹ ਬਾਹਰ ਕਿਹਾ ਸੀ ਤਾਂ ਇਹ ਉਨ੍ਹਾਂ ਲਈ ਮੁਸ਼ਕਲ ਹੋ ਜਾਵੇਗਾ। ਤੁਸੀਂ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਹੋ ਜੋ ਦੇਸ਼ ਦੀ ਆਜ਼ਾਦੀ ਲਈ ਲੜੇ। ਉਹ ਭਾਰਤ ਜੋੜੋ ਯਾਤਰਾ ਕੱਢਣ ਲਈ ਕਾਂਗਰਸ ਉਤੇ ਦੋਸ਼ ਲਾ ਰਹੇ ਹਨ, ਜਿਸ ਦੇ ਜਵਾਬ ਵਿਚ ਮੈਂ ਕਿਹਾ ਹੈ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ। ਤੁਹਾਡੇ ਵੱਲੋਂ (ਭਾਜਪਾ) ਕਿਸੇ ਨੇ ਜਾਨ ਦਿੱਤੀ ਹੈ?’ ਖੜਗੇ ਦੀ ਟਿੱਪਣੀ ’ਤੇ ਸਦਨ ਦੇ ਆਗੂ ਪਿਊਸ਼ ਗੋਇਲ ਨੇ ਕਿਹਾ, ‘ਉਨ੍ਹਾਂ ਨੂੰ ਸ਼ਾਇਦ ਯਾਦ ਨਹੀਂ ਕਿ ਜੰਮੂ ਕਸ਼ਮੀਰ ਵਿਚ ਕੀ ਹੋਇਆ ਸੀ, ਤੇ ਕਿਵੇਂ ਇਨ੍ਹਾਂ ਦੇ ਰਾਜ ਵਿਚ ਹੀ ਚੀਨ ਨੇ ਸਾਡੀ ਜ਼ਮੀਨ ਹਥਿਆਈ ਸੀ।’

ਇਹ ਅਸਲ ਕਾਂਗਰਸ ਨਹੀਂ ਬਲਕਿ ‘ਇਟਾਲੀਅਨ ਕਾਂਗਰਸ’: ਭਾਜਪਾ 

ਨਵੀਂ ਦਿੱਲੀ:ਭਾਜਪਾ ਨੇ ਅੱਜ ਕਿਹਾ ਕਿ ਵਰਤਮਾਨ ਕਾਂਗਰਸ ‘ਅਸਲ ਕਾਂਗਰਸ ਨਹੀਂ’ ਪਰ ‘ਇਟਾਲੀਅਨ ਕਾਂਗਰਸ’ ਹੈ। ਮਲਿਕਾਰਜੁਨ ਖੜਗੇ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਦੀ ਵਿਰਾਸਤ ਉਤੇ ਦਾਅਵਾ ਕਰ ਕੇ ਕਾਂਗਰਸ ਬਿਲਕੁਲ ਗਲਤ ਕਰ ਰਹੀ ਹੈ ਕਿਉਂਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰਨ ਦਾ ਪੱਖ ਪੂਰਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ‘ਅਸਲ ਕਾਂਗਰਸ’ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਨੇ ਸੁਭਾਸ਼ ਚੰਦਰ ਬੋਸ, ਬਾਲ ਗੰਗਾਧਰ ਤਿਲਕ ਤੇ ਸਰਦਾਰ ਪਟੇਲ ਨਾਲ ਕਿਹੋ-ਜਿਹਾ ਵਿਹਾਰ ਕੀਤਾ ਜੋ ਕਿ ਮੁੱਢਲੇ ਦੌਰ ਦੀ ਕਾਂਗਰਸ ਵਿਚ ਸਨ। ਹੁਣ ਇਹ ‘ਇਟਾਲੀਅਨ ਕਾਂਗਰਸ ਹੈ ਜਿਸ ਨੂੰ ਕੁਝ ਹੋਰ ਲੋਕ ਚਲਾ ਰਹੇ ਹਨ।’

Leave a Reply