ਕੇਜਰੀਵਾਲ ਅੱਜ ਦਾ ‘ਮਹਾਤਮਾ’ ਗਾਂਧੀ : ਚੱਢਾ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸੀਬੀਆਈ ਵੱਲੋਂ ਭੇਜੇ ਗਏ ਸੰਮਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਹੈ। ਇਸ ਪ੍ਰੈੱਸ ਕਾਨਫਰੰਸ ‘ਚ ਰਾਘਵ ਚੱਢਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖ਼ਤਮ ਕੀਤਾ ਜਾਵੇ ਅਤੇ ਭਾਜਪਾ ਨੂੰ ਕੋਈ ਚਣੌਤੀ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦਾ ਕੁਝ ਵੀ ਨਹੀਂ ਵਿਗਾੜ ਸਕਦੀ ਅਤੇ ਨਾ ਹੀ ਇਨ੍ਹਾਂ ਦੀਆਂ ਏਜੰਸੀਆਂ ਕੁਝ ਵਿਗਾੜ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਅੰਦੋਲਨਾਂ ‘ਚੋਂ ਨਿਕਲੀ ਹੋਈ ਪਾਰਟੀ ਹੈ, ਇਨ੍ਹਾਂ ਨੇ ਸੰਘਰਸ਼ ‘ਚੋਂ ਨਿਕਲ ਕੇ ਇਕ ਮੁਕਾਮ ਹਾਲਸ ਕੀਤਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਅਸੀਂ ਉਨ੍ਹਾਂ ‘ਚੋਂ ਨਹੀਂ ਹਾਂ ਜੋ ਤੁਹਾਡੇ ਏਜੰਸੀਆਂ ਤੋਂ ਡਰ ਕੇ ਬੈਠ ਜਾਣ। ਅਸੀਂ ਮਰਦੇ ਦਮ ਤੱਕ ਸੰਘਰਸ਼ ਕਰਦੇ ਰਹਾਂਗੇ ਅਤੇ ਭਾਰਤ ਨੂੰ ਬਚਾਉਣ ਲਈ ਦੁਨੀਆ ਦਾ ਨੰਬਰ 1 ਦੇਸ਼ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਜੋਕੇ ਸਮੇਂ ਦੇ ਮਹਾਤਮਾ ਗਾਂਧੀ ਹਨ, ਜਿਸ ‘ਚ ਨਿਰਪੱਖ ਈਮਾਨਦਾਰੀ ਹੈ।
ਉਨ੍ਹਾਂ ਕਿਹਾ ਕਿ ਮੈਂ ਭਾਜਪਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਾਂਚ ਏਜੰਸੀਆਂ ਦਾ ਪ੍ਰਯੋਗ ਕਮਜ਼ੋਰ ਦਿਲ ਵਾਲੇ ਲੋਕਾਂ ‘ਤੇ ਕਰੋ, ਜੋ ਤੁਹਾਡੇ ਕੋਲ ਡਰਦੇ ਹਨ ਪਰ ਅਰਵਿੰਦ ਕੇਜਰੀਵਾਲ ਤੁਹਡੇ ਕੋਲ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਦੇਸ਼ ‘ਚ ਈ.ਡੀ., ਸੀ.ਬੀ.ਆਈ., ਇਕ ਸਾਲ ਤੋਂ ਸ਼ਰਾਬ ਘਪਲਿਆਂ ਦੀ ਜਾਂਚ ਕਰ ਰਹੇ ਹਨ। ਦਿੱਲੀ ਸਰਕਾਰ ਸ਼ਰਾਬ ਨੀਤੀ ਲਾਗੂ ਕੀਤੀ, ਜਿਸ ਨਾਲ ਸ਼ਰਾਬ ਮਾਫ਼ੀਆ ਖ਼ਤਮ ਹੋ ਗਿਆ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਈ.ਡੀ. ਨੂੰ ਸਾਡੇ ਵੱਲ ਛੱਡ ਦਿੱਤਾ। ਉਨ੍ਹਾਂ ਕਿਹਾ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ‘ਚ ਅੰਦਰ ਖੋਟ ਹੈ ਅਤੇ ਸਾਡੇ ਵੱਲ ਜਾਂਚ ਏਜੰਸੀਆਂ ਨੂੰ ਭੇਜ ਦਿੱਤਾ ਹੈ।