ਦੇਸ਼-ਵਿਦੇਸ਼ਫੀਚਰਜ਼

ਕੈਨੇਡਾ: ਮਿਸੀਸਾਗਾ ’ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

ਟੋਰਾਂਟੋ: ਕੈਨੇਡਾ ਦੇ ਮਿਸੀਸਾਗਾ ਵਿਚ ਟਰੱਕ ਹਾਦਸੇ ’ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। 30 ਸਾਲਾ ਮਨਪ੍ਰੀਤ ਸਿੰਘ ਪਿਛਲੇ ਮਹੀਨੇ ਹੀ ਪੰਜਾਬ ਤੋਂ ਸਪਾਊਸ ਵੀਜ਼ਾ ਉਤੇ ਆਇਆ ਸੀ। ਮਨਪ੍ਰੀਤ ਦੇ ਦੋਸਤ ਬਲਵਿੰਦਰ ਸਿੰਘ ਨੇ ਇਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਉਹ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵੇਰਵਿਆਂ ਮੁਤਾਬਕ ਟਰਾਂਸਪੋਰਟ ਟਰੱਕ ਨਾਲ ਹੋਈ ਟੱਕਰ ਵਿਚ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੀਲ ਰਿਜਨਲ ਪੁਲੀਸ ਨੇ ਦੱਸਿਆ ਕਿ ਇਹ ਘਟਨਾ 13 ਦਸੰਬਰ ਨੂੰ ਕਰਟਨੀਪਾਰਕ ਡਰਾਈਵ ਤੇ ਐਡਵਰਡਜ਼ ਬੁਲੇਵਰਡ ਵਿਚ ਸਵੇਰੇ ਸੱਤ ਵਜੇ ਤੋਂ ਪਹਿਲਾਂ ਵਾਪਰੀ ਸੀ। ਮਨਪ੍ਰੀਤ ਮਿਸੀਸਾਗਾ ਵਿਚ ਹੀ ਇਕ ਫੈਕਟਰੀ ’ਚ ਕੰਮ ਕਰਦਾ ਸੀ ਤੇ ਕੰਮ ’ਤੇ ਜਾਣ ਲਈ ਹੀ ਘਰੋਂ ਨਿਕਲਿਆ ਸੀ। ਬਲਵਿੰਦਰ ਨੇ ਦੱਸਿਆ ਕਿ ਕਰੀਬ 6.50 ’ਤੇ ਉਹ ਬੱਸ ਵਿਚੋਂ ਉਤਰਿਆ ਤੇ ਜਦ ਟਰੱਕ ਨੇ ਟੱਕਰ ਮਾਰੀ ਤਾਂ ਉਹ ਤੁਰ ਕੇ ਜਾ ਰਿਹਾ ਸੀ। ਮਨਪ੍ਰੀਤ ਦੀ ਦੇਹ ਨੂੰ ਭਾਰਤ ਲਿਆਉਣ ਖਾਤਰ ਵਿੱਤੀ ਮਦਦ ਲਈ ‘ਗੋਫੰਡਮੀ’ ਉਤੇ ਪੇਜ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 20 ਸਾਲਾ ਕਾਰਤਿਕ ਸੈਣੀ ਦੀ ਪਿਕਅੱਪ ਟਰੱਕ ਨਾਲ ਹੋਈ ਟੱਕਰ ਵਿਚ ਮੌਤ ਹੋ ਗਈ ਸੀ। ਉਹ ਟੋਰਾਂਟੋ ਵਿਚ ਸਾਈਕਲ ’ਤੇ ਸੜਕ ਪਾਰ ਕਰ ਰਿਹਾ ਸੀ। ਓਂਟਾਰੀਓ ਸੂਬੇ ਦੀ ਪੁਲੀਸ ਮੁਤਾਬਕ ਇਸ ਸਾਲ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿਚ 259 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-