ਪੰਜਾਬ

ਲੁਧਿਆਣਾ ‘ਚ ਪੁਲਿਸ ਵਾਲੇ ਦੀ ਗੱਡੀ ਹੇਠਾਂ ਆਉਣ ਨਾਲ 2 ਸਾਲਾ ਬੱਚੇ ਦੀ ਮੌਤ ! ਮਾਮਲਾ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼


ਲੁਧਿਆਣਾ : ਸ਼ਹਿਰ ਦੇ ਪੱਖੋਵਾਲ ਰੋਡ ’ਤੇ ਫਾਰਚੂਨਰ ਗੱਡੀ ਦੇ ਚਾਲਕ ਨੇ ਬੱਚੇ ਨੂੰ ਗੱਡੀ ਹੇਠਾਂ ਕੁਚਲ ਦਿੱਤਾ। ਉਕਤ ਗੱਡੀ ਇਕ ਪੁਲਿਸ ਅਧਿਕਾਰੀ ਦੀ ਦੱਸੀ ਜਾ ਰਹੀ ਹੈ। ਇਸ ਕਾਰਨ ਪੁਲਿਸ ਮਾਮਲੇ ਨੂੰ ਦਬਾਉਣ ’ਚ ਲੱਗੀ ਹੋਈ ਹੈ। ਬੱਚੇ ਦੇ ਪਰਿਵਾਰ ਨੇ ਸਿਵਲ ਹਸਪਤਾਲ ’ਚ ਦੋਸ਼ ਲਾਇਆ ਹੈ ਕਿ ਗੱਡੀ ਨੂੰ ਪੁਲਿਸ ਅਧਿਕਾਰੀ ਦਾ ਡਰਾਈਵਰ ਚਲਾ ਰਿਹਾ ਸੀ ਹੁਣ ਗੱਡੀ ਤਕ ਬਦਲ ਦਿੱਤੀ ਗਈ ਹੈ। ਦੇਰ ਰਾਤ ਤਕ ਪੁਲਿਸ ਬੱਚੇ ਦੇ ਪਿਤਾ ਨੂੰ ਸਮਝੌਤੇ ਲਈ ਮਨਾ ਰਹੀ ਸੀ। ਜਾਣਕਾਰੀ ਅਨੁਸਾਰ ਵਿਕਾਸ ਨਗਰ ਪੱਖੋਵਾਲ ਰੋਡ ’ਤੇ ਰਹਿੰਦੇ ਸਰਵੇਸ਼ ਕੁਮਾਰ ਦਾ 2 ਸਾਲਾ ਪੁੱਤਰ ਅਨੁਰਾਜ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਲੱਕੀ ਨਾਮਕ ਫਾਰਚੂਨਰ ਗੱਡੀ ਦੇ ਚਾਲਕ ਨੇ ਗੱਡੀ ਪਿੱਛੇ ਕਰਦਿਆਂ ਉਸ ਨੂੰ ਗੱਡੀ ਹੇਠਾਂ ਦੇ ਦਿੱਤਾ। ਇਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਸਿਵਲ ਹਸਪਤਾਲ ’ਚ ਲਾਸ਼ ਰਖਵਾਉਂਦੇ ਸਮੇਂ ਬੱਚੇ ਦੇ ਚਾਚੇ ਤੇ ਮਾਂ ਨੇ ਦੋਸ਼ ਲਾਇਆ ਕਿ ਜਦੋਂ ਹਾਦਸਾ ਹੋਇਆ ਉਥੇ ਖੜ੍ਹੇ ਲੋਕਾਂ ਨੇ ਡਰਾਈਵਰ ਨੂੰ ਪੁੱਛਿਆ ਕੀ ਹੋਇਆ ਤਾਂ ਉਸ ਨੇ ਕਿਹਾ ਕਿ ਗੱਡੀ ਹੇਠਾਂ ਬਿੱਲੀ ਆ ਗਈ ਹੈ ਤੇ ਬੱਚੇ ਨੂੰ ਗੱਡੀ ਦੀ ਡਿੱਗੀ ’ਚ ਪਾ ਕੇ ਨਿੱਜੀ ਹਸਪਤਾਲ ਲੈ ਗਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਦੀ ਮੌਤ ਹੋ ਗਈ ਤੇ ਉਹ ਉਸ ਦੇ ਪਿੱਛੇ ਗਿਆ ਤਾਂ ਉਸ ਨੂੰ ਥਾਣੇ ਸੱਦ ਲਿਆ। ਜਦੋਂ ਉਹ ਥਾਣੇ ਗਿਆ ਤਾਂ ਫਾਰਚੂਨਰ ਦੀ ਜਗ੍ਹਾ ਵੋਕਸਵੇਗਨ ਗੱਡੀ ਸੀ।

ਸੂਤਰਾਂ ਅਨੁਸਾਰ ਗੱਡੀ ਇਕ ਪੁਲਿਸ ਅਧਿਕਾਰੀ ਦੀ ਦੱਸੀ ਜਾ ਰਹੀ ਹੈ ਜਿਸ ਕਾਰਨ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਦਬਾਉਣ ’ਚ ਲੱਗੇ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚੇ ਦੇ ਪਿਤਾ ਦਾ ਫੋਨ ਵੀ ਏਐੱਸਆਈ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਜਾਣਕਾਰੀ ਲੈਣ ਲਈ ਜਦੋਂ ਉਸ ਨੂੰ ਫੋਨ ਕੀਤਾ ਤਾਂ ਪਹਿਲਾਂ ਉਹ ਪਿਤਾ ਬਣ ਕੇ ਗੱਲ ਕਰਦਾ ਰਿਹਾ ਤੇ ਬਾਅਦ ’ਚ ਦੱਸਿਆ ਕਿ ਉਹ ਬੱਚੇ ਦਾ ਪਿਤਾ ਨਹੀਂ ਬਲਕਿ ਏਐੱਸਆਈ ਬੋਲ ਰਿਹਾ ਹੈ। ਥਾਣਾ ਦੁਗਰੀ ਇੰਚਾਰਜ ਸਬ-ਇੰਸਪੈਕਟਰ ਮਧੂ ਬਾਲਾ ਦਾ ਇਸ ਸਬੰਧੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਹੀ ਉਸ ਦੇ ਪਿਤਾ ਵੱਲੋਂ ਬਿਆਨ ਦਰਜ ਕਰਵਾਏ ਜਾਂਦੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ। ਗੱਡੀ ਕਿਸ ਦੀ ਹੈ ਤੇ ਕੌਣ ਚਲਾ ਰਿਹਾ ਸੀ ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-