ਪੰਜਾਬ

ਖੰਨਾ SDM ਦਫਤਰ ‘ਚ ਲੱਗੀ ਅੱਗ, ਸਾਮਾਨ ਤੇ ਰਿਕਾਰਡ ਸੜ ਕੇ ਸੁਆਹ

ਖੰਨਾ : ਖੰਨਾ ਦੇ ਐਸਡੀਐਮ ਦਫ਼ਤਰ ਵਿੱਚ ਐਤਵਾਰ ਤੜਕੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਵੱਡਾ ਨੁਕਸਾਨ ਹੋ ਗਿਆ। ਹਾਲਾਂਕਿ ਛੁੱਟੀ ਹੋਣ ਕਾਰਨ ਦਫ਼ਤਰ ਖਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸੂਚਨਾ ਮਿਲਦੇ ਹੀ ਐਸਡੀਐਮ ਮਨਜੀਤ ਕੌਰ ਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ।

ਜਾਣਕਾਰੀ ਮੁਤਾਬਕ ਦਫਤਰ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਮੀਟਿੰਗ ਹਾਲ ‘ਚ ਅੱਗ ਲੱਗ ਗਈ। ਅੱਗ ਐਤਵਾਰ ਤੜਕੇ ਲੱਗੀ। ਦੱਸਿਆ ਜਾਂਦਾ ਹੈ ਕਿ ਇਸ ਮੀਟਿੰਗ ਹਾਲ ਵਿੱਚ ਦਫ਼ਤਰ ਦਾ ਕੁਝ ਰਿਕਾਰਡ ਵੀ ਰੱਖਿਆ ਹੁੰਦਾ ਹੈ। ਮੀਟਿੰਗ ਹਾਲ ਦੇ ਨਾਲ ਹੀ ਨਾਇਬ ਤਹਿਸੀਲਦਾਰ ਦਾ ਦਫ਼ਤਰ ਵੀ ਹੈ। ਹਾਲਾਂਕਿ ਅੱਗ ਦਫਤਰ ਦੇ ਹੋਰ ਕਮਰਿਆਂ ਤੱਕ ਫੈਲਣ ਤੋਂ ਪਹਿਲਾਂ ਹੀ ਬੁਝ ਗਈ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਮਨਜੀਤ ਕੌਰ, ਤਹਿਸੀਲਦਾਰ ਨਵਨੀਤ ਸਿੰਘ ਭੋਗਲ, ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ, ਐਸਐਚਓ ਸਿਟੀ 1 ਸੰਦੀਪ ਕੁਮਾਰ ਮੌਕੇ ’ਤੇ ਪੁੱਜੇ। ਐਸਡੀਐਮ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਨੁਕਸਾਨ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-