ਇਤਿਹਾਸ ਦੇ ਝਰੋਖੇ ’ਚੋਂ ਮਾਛੀਵਾੜਾ

ਸੁਭਾਸ਼ ਪਰਿਹਾਰ

ਦਰਿਆਵਾਂ ਨੇ ਮਨੁੱਖੀ ਇਤਿਹਾਸ ਵਿਚ ਸਭਿਅਤਾਵਾਂ ਦੇ ਜਨਮ ਅਤੇ ਵਿਕਾਸ ਵਿਚ ਬੇਹੱਦ ਮਹੱਤਵਪੂਰਨ ਰੋਲ ਅਦਾ ਕੀਤਾ ਹੈ ਪਰ ਇਹ ਮੁਸਾਫ਼ਿਰਾਂ ਦੀ ਆਵਾਜਾਈ ਵਿਚ ਅੜਚਣ ਹੀ ਪੈਦਾ ਕਰਦੇ ਸਨ। ਪੁਰਾਤਨ ਸਮਿਆਂ ਵਿਚ ਵੱਡੇ ਦਰਿਆਵਾਂ ਉੱਪਰ ਪੱਕੇ ਪੁਲ਼ ਨਹੀਂ ਸੀ ਉਸਾਰੇ ਜਾਂਦੇ। ਇਹ ਲੱਭਿਆ ਜਾਂਦਾ ਸੀ ਕਿ ਦਰਿਆ ਕਿੱਥੋਂ ਘੱਟ ਡੂੰਘਾ ਹੈ ਜਾਂ ਕਿੱਥੇ ਭੀੜਾ ਹੈ। ਆਮ ਮੁਸਾਫ਼ਿਰ ਦਰਿਆ ਕਿਸ਼ਤੀਆਂ ਰਾਹੀਂ ਪਾਰ ਕਰਦੇ ਸਨ ਅਤੇ ਫ਼ੌਜਾਂ ਅਕਸਰ ਘੱਟ ਚੌੜੇ ਵਹਾਅ ਦੀ ਥਾਂ ’ਤੇ ਕਿਸ਼ਤੀਆਂ ਬੰਨ੍ਹ ਕੇ ਬਣਾਏ ਆਰਜ਼ੀ ਪੁਲਾਂ ਰਾਹੀਂ ਲੰਘਦੀਆਂ ਸਨ। ਦਰਿਆ ਲੰਘਣ ਲਈ ਆਮ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਥਾਵਾਂ ਨੂੰ ਪੱਤਣ ਕਹਿੰਦੇ ਸੀ, ਜਿਵੇਂ ਹਰੀ ਕੇ ਪੱਤਣ ਜਾਂ ਪਾਕਪੱਤਣ ਆਦਿ। ਇਨ੍ਹਾਂ ਪੱਤਣਾਂ ਨੇੜੇ ਵੱਸੋਂ ਹੋ ਜਾਣੀ ਵੀ ਕੁਦਰਤੀ ਹੀ ਸੀ। ਇਸ ਦੇ ਕੁਝ ਉਦਾਹਰਣ ਹਨ- ਜਮੁਨਾ ਦਰਿਆ ਉੱਪਰ ਸੋਨੀਪੱਤ[ਣ], ਪਾਨੀਪੱਤ[ਣ], ਸਤਲੁਜ ਉੱਪਰ ਲੁਧਿਆਣਾ, ਅਜੋਧਨ, ਅਤੇ ਬਿਆਸ ਦਰਿਆ ਉੱਪਰ ਗੋਇੰਦਵਾਲ। ਲੁਧਿਆਣੇ ਦੇ ਤੀਹ ਕੁ ਕਿਲੋਮੀਟਰ ਪੂਰਬ ਵੱਲ ਇਸੇ ਜ਼ਿਲ੍ਹੇ ਵਿਚ ਪੈਂਦਾ ਕਸਬਾ ਮਾਛੀਵਾੜਾ ਵੀ ਅਜਿਹਾ ਹੀ ਥਾਂ ਸੀ ਜਿੱਥੋਂ ਮੱਧਕਾਲ ਦੌਰਾਨ ਅਕਸਰ ਸਤਲੁਜ ਦਰਿਆ ਪਾਰ ਕੀਤਾ ਜਾਂਦਾ ਸੀ। ਸਤਲੁਜ ਦਰਿਆ ਦਾ ਪੁਰਾਣਾ ਵਹਿਣ ਬੁੱਢਾ ਦਰਿਆ ਹੁਣ ਵੀ ਇਸ ਦੇ ਨੇੜੇ ਹੀ ਹੈ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮਾਛੀਵਾੜਾ ਬਹੁਤ ਪੁਰਾਣਾ ਸ਼ਹਿਰ ਹੈ। ਅਠਾਰ੍ਹਵੀਂ ਸਦੀ ਦੀ ਕਿਤਾਬ ਖੁਲਾਸਤੁਤ-ਤਵਾਰੀਖ਼ ਦਾ ਕਰਤਾ ਸੁਜਾਨ ਰਾਏ ਭੰਡਾਰੀ ਇਸ ਦਾ ਪਿਛੋਕੜ ਮਹਾਂਭਾਰਤ ਕਾਲ ਨਾਲ ਜੋੜਦਿਆਂ ਲਿਖਦਾ ਹੈ ਕਿ ਇਸ ਮਹਾਂਕਾਵਿ ਦੇ ਰਚੇਤਾ ਵੇਦ ਵਿਆਸ ਦੇ ਪੁਰਖੇ ਇੱਥੋਂ ਦੇ ਹੀ ਸਨ। ਪਰ ਇਹ ਠੀਕ ਨਹੀਂ ਜਾਪਦਾ ਕਿਉਂਕਿ ਇੰਨੀ ਪੁਰਾਤਨਤਾ ਸਿੱਧ ਕਰਨ ਲਈ ਇੱਥੋਂ ਹੁਣ ਤੀਕ ਕੋਈ ਪੁਰਾਤੱਤਵੀ ਸਬੂਤ ਪ੍ਰਾਪਤ ਨਹੀਂ ਹੋਇਆ। ਪੁਰਾਤਨ ਥਾਵਾਂ ਤੋਂ ਅਕਸਰ ਪੁਰਾਣੇ ਸਿੱਕੇ ਮਿਲ ਜਾਂਦੇ ਹੁੰਦੇ ਹਨ ਪਰ ਜਦ 1888-89 ਵਿਚ ਭਾਰਤੀ ਪੁਰਤੱਤਵੇਤਾ ਚਾਰਲਸ ਰੌਜ਼ਰਸ ਇੱਥੇ ਆਇਆ ਤਾਂ ਉਸ ਨੂੰ ਕੋਈ ਪੁਰਾਣਾ ਸਿੱਕਾ ਜਾਂ ਕੋਈ ਹੋਰ ਪੁਰਾਤਨ ਵਸਤ ਪ੍ਰਾਪਤ ਨਹੀਂ ਸੀ ਹੋਈ।

ਲਿਖਤੀ ਰੂਪ ਵਿਚ ਮਾਛੀਵਾੜੇ ਬਾਰੇ ਸਭ ਤੋਂ ਪੁਰਾਤਨ ਹਵਾਲਾ ਸਾਨੂੰ ਲੋਧੀ ਕਾਲ (1451-1526) ਦਾ ਮਿਲਦਾ ਹੈ। ਜਦ ਪੰਦਰ੍ਹਵੀਂ ਸਦੀ ਦੇ ਅੰਤਿਮ ਵਰ੍ਹੇ ਵਿਚ ਸੁਲਤਾਨ ਸਿਕੰਦਰ ਲੋਧੀ ਨੂੰ ਸੰਭਲ (ਵਰਤਮਾਨ ਉੱਤਰ ਪ੍ਰਦੇਸ਼ ਵਿਚ) ਜਾਣਾ ਪਿਆ ਤਾਂ ਉਹ ਦਿੱਲੀ ਦਾ ਪ੍ਰਬੰਧ ਅਹਿਲਕਾਰ ਅਸਗ਼ਰ ਹਵਾਲੇ ਕਰ ਕੇ ਗਿਆ ਸੀ। ਕੁਝ ਸਮੇਂ ਮਗਰੋਂ ਹੀ ਸੁਲਤਾਨ ਨੂੰ ਸੂਚਨਾ ਮਿਲੀ ਅਸਗ਼ਰ ਦੁਸ਼ਟਤਾ ਵਿਖਾ ਰਿਹਾ ਹੈ ਤਾਂ ਉਸ ਨੇ ਮਾਛੀਵਾੜੇ ਦੇ ਹਾਕਮ ਖ਼ਵਾਸ ਖ਼ਾਨ ਨੂੰ ਹੁਕਮ ਭੇਜਿਆ ਕਿ ‘‘ਤੂੰ ਅਸਗ਼ਰ ਨੂੰ ਕੈਦ ਕਰ ਕੇ ਮੇਰੇ ਕੋਲ਼ ਭੇਜ।’’ ਖ਼ਵਾਸ ਖ਼ਾਨ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਪਰ ਉਸ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ 27 ਅਗਸਤ 1500 ਨੂੰ ਅਸਗ਼ਰ ਭੱਜ ਕੇ ਸੁਲਤਾਨ ਕੋਲ ਸੰਭਲ ਚਲਿਆ ਗਿਆ ਅਤੇ ਮੁਆਫ਼ੀ ਮੰਗੀ, ਪਰ ਸੁਲਤਾਨ ਨੇ ਉਸ ਨੂੰ ਕੈਦ ਕਰ ਲਿਆ। ਖ਼ਵਾਸ ਖਾਂ ਆਪਣੇ ਬੇਟੇ ਇਸਮਾਈਲ ਖ਼ਾਨ ਨੂੰ ਦਿੱਲੀ ਵਿਖੇ ਛੱਡ ਕੇ ਆਪ ਮਾਛੀਵਾੜੇ ਮੁੜ ਆਇਆ।

ਮਾਛੀਵਾੜੇ ਵਿਖੇ ਲੋਧੀ ਕਾਲ ਦਾ ਇੱਕ ਹੋਰ ਪੁਖ਼ਤਾ ਸਬੂਤ ਹੁਣ ਵੀ ਮੌਜੂਦ ਹੈ- ਪੱਥਰੀਆ ਮਸਜਿਦ ਜਿਸ ਨੂੰ ਕਾਜ਼ੀ ਮਸਜਿਦ ਵੀ ਕਿਹਾ ਜਾਂਦਾ ਹੈ। ਇਸ ਦੀ ਉਸਾਰੀ ਸੁਲਤਾਨ ਸਿਕੰਦਰ ਦੇ ਰਾਜ ਕਾਲ ਦੇ ਆਖ਼ਰੀ ਸਾਲ ਦੌਰਾਨ ਕੀਤੀ ਗਈ ਸੀ। ਇਸ ਇਮਾਰਤ ਦੀਆਂ ਹੇਠਲੀਆਂ ਕੰਧਾਂ ਕੰਕੜ ਦੀਆਂ ਬਣੀਆਂ ਹਨ ਜਦੋਂਕਿ ਉਪਰਲੀਆਂ ਕੰਧਾਂ ਰੇਤਲੇ ਪੱਥਰ ਦੀਆਂ ਹਨ। ਇਮਾਰਤ ਅੰਦਰ ਜਾਣ ਲਈ ਇਸ ਦੀ ਪੂਰਬੀ ਕੰਧ ਵਿਚ ਤਿੰਨ ਨੀਵੀਆਂ-ਨੀਵੀਆਂ ਡਾਟਾਂ ਹਨ। ਛੱਤ ਤਿੰਨ ਗੁੰਬਦਾਂ ਦੇ ਰੂਪ ਵਿਚ ਹੈ, ਪਰ ਹੇਠਾਂ ਤੋਂ ਸਿਰਫ਼ ਕੇਂਦਰੀ ਗੁੰਬਦ ਹੀ ਦਿਖਾਈ ਦਿੰਦਾ ਹੈ। ਕਿਸੇ ਸਮੇਂ ਮਸਜਿਦ ਦੇ ਮੱਥੇ ’ਤੇ ਚਕੋਰ ਨੀਲੀਆਂ ਟਾਇਲਾਂ ਨਾਲ ਸਜਾਵਟ ਕੀਤੀ ਹੋਈ ਸੀ। ਕੁਝ ਤਰਾਸ਼ੇ ਹੋਏ ਕਮਲ ਦੇ ਫੁੱਲ ਵੀ ਬਣੇ ਹੋਏ ਹਨ।

ਮਸਜਿਦ ਦੀ ਕੇਂਦਰੀ ਡਾਟ ਦੇ ਉੱਪਰ ਲੱਗੇ ਲਾਲ ਰੇਤਲੇ ਪੱਥਰ ਉੱਪਰ ਉੱਕਰੇ ਸ਼ਿਲਾਲੇਖ ਵਿਚ ਇਹ ਦਰਜ ਹੈ ਕਿ ਇਹ ਮਸਜਿਦ ਮਲਿਕ ਮਾਛੀ ਦੀ ਧੀ ਬੀਬੀ ਫ਼ਤਿਹ ਮਲਿਕਾ ਨੇ 1517 ਵਿਚ ਬਣਵਾਈ ਸੀ (ਸੁਲਤਾਨ ਸ਼ੇਰਸ਼ਾਹ ਸੂਰ ਦੀ ਇੱਕ ਬੀਵੀ ਦਾ ਨਾਂ ਵੀ ਫ਼ਤਿਹ ਮਲਿਕਾ ਸੀ ਪਰ ਉਹ ਉਸਦੇ ਅਹਿਲਕਾਰ ਮੀਆਂ ਕਾਲਾ ਪਹਾੜ ਫਾਰਮੂਲੀ ਦੀ ਧੀ ਸੀ)।

ਇਸ ਤੋਂ ਅਗਲੀ ਵਾਰ ਮਾਛੀਵਾੜੇ ਦਾ ਸਮਕਾਲੀ ਇਤਿਹਾਸ ਵਿਚ ਜ਼ਿਕਰ ਹੁਮਾਯੂੰ ਦੀ 1555 ਵਿਚ ਮੁੜ ਗੱਦੀ ਪ੍ਰਾਪਤ ਕਰਨ ਲਈ ਲੜਾਈ ਸਮੇਂ ਮਿਲਦਾ ਹੈ। ਚੇਤੇ ਰਹੇ ਕਿ ਭਾਵੇਂ ਬਾਬਰ ਦੀ 1530 ਵਿਚ ਮੌਤ ਮਗਰੋਂ ਹੁਮਾਯੂੰ ਬਾਦਸ਼ਾਹ ਬਣ ਗਿਆ ਪਰ ਉਸ ਨੂੰ ਕਦੇ ਗੱਦੀ ’ਤੇ ਚੈਨ ਨਾਲ ਬੈਠਣਾ ਨਸੀਬ ਨਾ ਹੋਇਆ। ਪਹਿਲਾਂ ਗੁਜਰਾਤ ਵਿਚ ਬਹਾਦਰ ਖ਼ਾਨ ਨੇ ਬਗ਼ਾਵਤ ਕਰ ਦਿੱਤੀ ਜੋ ਉਸ ਨੇ ਸਫ਼ਲਤਾਪੂਰਵਕ ਦਬਾ ਦਿੱਤੀ। ਪਰ ਜਦ ਬੰਗਾਲ-ਬਿਹਾਰ ਵਿਚ ਸ਼ੇਰਸ਼ਾਹ ਸੂਰੀ ਉੱਠ ਖੜ੍ਹਿਆ ਤਾਂ ਹੁਮਾਯੂੰ ਉਸ ਦੇ ਮੂਹਰੇ ਨਾ ਟਿਕ ਸਕਿਆ ਅਤੇ 1540 ਵਿਚ ਉਸ ਤੋਂ ਹਾਰ ਖਾ ਕੇ ਇਰਾਨ ਦੇ ਬਾਦਸ਼ਾਹ ਕੋਲ ਜਾ ਸ਼ਰਣ ਲਈ। ਸ਼ੇਰਸ਼ਾਹ ਦੀ ਅਚਾਨਕ 1545 ਦੀ ਇੱਕ ਦੁਰਘਟਨਾ ਵਿਚ ਮੌਤ ਹੋ ਗਈ ਤਾਂ ਉਸ ਦਾ ਪੁੱਤਰ ਇਸਲਾਮ ਸ਼ਾਹ ਗੱਦੀ ’ਤੇ ਬੈਠਿਆ ਅਤੇ 1554 ਵਿਚ ਉਸ ਦੀ ਮੌਤ ਮਗਰੋਂ ਥੋੜ੍ਹੇ ਥੋੜ੍ਹੇ ਸਮੇਂ ਲਈ ਉਸ ਦੇ ਕਈ ਰਿਸ਼ਤੇਦਾਰ ਗੱਦੀ ’ਤੇ ਬੈਠਦੇ ਰਹੇ। 1555 ਵਿਚ ਜਦ ਹੁਮਾਯੂੰ ਨੇ ਇਰਾਨ ਤੋਂ ਹਿੰਦੋਸਤਾਨ ਮੁੜਨ ਦਾ ਇਰਾਦਾ ਬਣਾਇਆ ਤਾਂ ਉਸ ਸਮੇਂ ਦਿੱਲੀ ਦੀ ਗੱਦੀ ’ਤੇ ਸੁਲਤਾਨ ਸਿਕੰਦਰ ਸੂਰੀ ਕਾਬਜ਼ ਸੀ।

ਸਿਕੰਦਰ ਸੂਰੀ ਨੂੰ ਹੁਮਾਯੂੰ ਦੀ ਵਾਪਸੀ ਦੀ ਸੂਹ ਮਿਲੀ ਤਾਂ ਉਸ ਨੇ ਆਪਣੇ ਜਰਨੈਲ ਤਾਤਾਰ ਖਾਨ ਦੀ ਕਮਾਂਡ ਹੇਠ 30,000 ਦੀ ਫ਼ੌਜ ਮਾਛੀਵਾੜੇ ਨੂੰ ਰਵਾਨਾ ਕਰ ਦਿੱਤੀ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਮੁਗ਼ਲ ਫ਼ੌਜ ਇਸ ਥਾਂ ਤੋਂ ਸਤਲੁਜ ਦਰਿਆ ਪਾਰ ਕਰੇਗੀ। ਬੈਰਮ ਖਾਨ ਦੀ ਕਮਾਂਡ ਹੇਠ ਮੁਗ਼ਲ ਫ਼ੌਜ ਵੀ ਸਤਲੁਜ ਨੇੜੇ ਪਹੁੰਚ ਗਈ। 15 ਮਈ 1555 ਨੂੰ ਮੁਗ਼ਲ ਫ਼ੌਜ ਨੇ ਦਰਿਆ ਪਾਰ ਕਰ ਕੇ ਪਠਾਣ ਫ਼ੌਜ ਨੂੰ ਅਚਨਚੇਤ ਹਮਲਾ ਕਰ ਕੇ ਹਰਾ ਦਿੱਤਾ। ਸਿਕੰਦਰ ਸੂਰੀ ਮੈਦਾਨ ਛੱਡ ਕੇ ਭੱਜ ਗਿਆ। ਹੁਮਾਯੂੰ ਆਪ ਲੜਾਈ ਮਗਰੋਂ ਮਾਛੀਵਾੜੇ ਪੁੱਜਾ ਸੀ। ਇਸ ਫ਼ੈਸਲਾਕੁਨ ਲੜਾਈ ਵਿਚ ਜਿੱਤ ਮਗਰੋਂ ਹੁਮਾਯੂੰ ਦੁਬਾਰਾ ਬਾਦਸ਼ਾਹ ਬਣ ਗਿਆ।

ਇਤਿਹਾਸਕਾਰ ਸਟੈਨਲੇ ਲੇਨ-ਪੂਲ ਲਿਖਦਾ ਹੈ ਕਿ ਸ਼ਬਦ ‘ਹੁਮਾੰਯੂ’ ਦਾ ਮਤਲਬ ਹੈ – ਖੁਸ਼ਕਿਸਮਤ, ਪਰ ਸ਼ਾਇਦ ਹੀ ਇਤਿਹਾਸ ਵਿਚ ਉਸ ਨਾਲੋਂ ਬਦਕਿਸਮਤ ਬਾਦਸ਼ਾਹ ਹੋਇਆ ਹੋਵੇਗਾ। ਹਿੰਦੁਸਤਾਨ ਨੂੰ ਮੁੜ ਜਿੱਤਣ ਦੇ ਛੇ ਕੁ ਮਹੀਨਿਆਂ ਮਗਰੋਂ ਹੀ 27 ਜਨਵਰੀ 1556 ਦੇ ਦਿਨ ਉਹ ਦਿੱਲੀ ਵਿਖੇ ਆਪਣੀ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਮਰ ਗਿਆ।

ਖ਼ੈਰ, ਸਮੇਂ ਨਾਲ ਅਕਬਰ ਨੇ ਬੈਰਮ ਖਾਨ ਦੀ ਮਦਦ ਨਾਲ ਰਾਜ ਪੱਕੇ ਪੈਰੀਂ ਕਰ ਲਿਆ। ਸਾਰੀ ਜ਼ਮੀਨ ਦੀ ਪੈਮਾਇਸ਼ ਕਰ ਕੇ ਉਸ ’ਤੇ ਜਾਇਜ਼ ਟੈਕਸ ਲਾਇਆ। ਉਸ ਸਮੇਂ ਦੇ ਇਤਿਹਾਸ ਅਕਬਰਨਾਮਾ ਦੇ ਹੀ ਭਾਗ ਆਈਨ-ਏ ਅਕਬਰੀ ਮੁਤਾਬਿਕ ਮਾਛੀਵਾੜੇ ਅਧੀਨ 17,272 ਵਿੱਘੇ ਜ਼ਮੀਨ ਸੀ ਜਿਸ ਦਾ ਸਾਲਾਨਾ ਮਾਲੀਆ 250,556 ਦਾਮ (ਲਗਭਗ 6264 ਰੁਪਏ) ਸੀ। ਇੱਥੋਂ ਦੇ ਹਾਕਮ ਕੋਲ 100 ਘੋੜਸਵਾਰ ਅਤੇ 500 ਪੈਦਲ ਫ਼ੌਜ ਸੀ।

ਅਕਬਰ ਬਿਨਾ ਕਿਸੇ ਸ਼ੱਕ ਦੇ ਖੁੱਲ੍ਹੀ ਧਾਰਮਿਕ ਸੋਚ ਵਾਲਾ ਬਾਦਸ਼ਾਹ ਸੀ। ਉਸ ਦੇ ਰਾਜ ਦੌਰਾਨ ਹੀ ਮਾਰਚ 1580 ਵਿਚ ਗੋਆ ਤੋਂ ਫ਼ਾਦਰ ਮੌਂਸਰਾਤ ਦੀ ਅਗਵਾਈ ਵਿਚ ਪਹਿਲਾ ਇਸਾਈ ਮਿਸ਼ਨ ਮੁਗ਼ਲ ਦਰਬਾਰ ਵਿਚ ਪੁੱਜਾ। ਅਜੇ ਇਹ ਮਿਸ਼ਨ ਫਤਿਹਪੁਰ ਸੀਕਰੀ ਵਿਖੇ ਹੀ ਸੀ ਕਿ ਅਕਬਰ ਦੇ ਚਚੇਰੇ ਭਰਾ ਮਿਰਜ਼ਾ ਹਾਕਿਮ ਨੇ ਕਾਬੁਲ ਵੱਲੋਂ ਹਮਲਾ ਕਰ ਦਿੱਤਾ। ਅੱਠ ਫਰਵਰੀ 1581 ਨੂੰ ਅਕਬਰ ਸ਼ਾਹੀ ਫ਼ੌਜ ਲੈ ਕੇ ਮੁਕਾਬਲੇ ਲਈ ਪੰਜਾਬ ਵੱਲ ਵਧਿਆ ਤਾਂ ਫਾਦਰ ਮੌਂਸਰਾਤ ਨੂੰ ਵੀ ਨਾਲ ਹੀ ਲੈ ਲਿਆ। ਮੌਂਸਰਾਤ ਮਾਛੀਵਾੜੇ ਪੁੱਜ ਕੇ ਲਾਤੀਨੀ ਭਾਸ਼ਾ ਵਿਚ ਲਿਖੀ ਆਪਣੀ ਡਾਇਰੀ ਵਿਚ ਇਹ ਵੇਰਵਾ ਦਿੰਦਾ ਹੈ: ਫ਼ੌਜ ਨੇ ਮਾਛੀਵਾੜਾ (ਮੱਛੀਆਂ ਦਾ ਪਿੰਡ) ਤੋਂ ਲੰਘਦੇ ਹੋਏ, ਸ਼ੈਤਾਨੁਲਗਾ (ਸਤਲੁਜ) ਦੇ ਕੰਢੇ ’ਤੇ ਡੇਰੇ ਲਾਏ, ਜਿਸ ਨੂੰ ਪੁਰਾਤਨ ਲੋਕ ‘ਜ਼ਰਾਦਰਸ’ ਕਹਿੰਦੇ ਸਨ। ਇੱਥੇ ਦਰਿਆ ਪਾਰ ਕਰਨ ਲਈ ਲੱਕੜ ਦਾ ਪੁਲ ਬਣਾਇਆ ਜਾ ਰਿਹਾ ਸੀ ਜਿਸ ਕਾਰਨ ਇੱਥੇ ਰੁਕਣਾ ਜ਼ਰੂਰੀ ਸੀ… ਇਸ ਨਦੀ ਵਿੱਚ ਢੋਲ ਜਿੱਡੇ-ਜਿੱਡੇ ਮਗਰਮੱਛ, ਜਾਂ ਪਾਣੀ ਦੀਆਂ ਕਿਰਲੀਆਂ ਹਨ। ਇਨ੍ਹਾਂ ਨੂੰ ਸੀਸਾਰੇਸ ਕਿਹਾ ਜਾਂਦਾ ਹੈ, ਮਤਲਬ- ਤਿੰਨ ਸਿਰ ਵਾਲਾ। ਉਨ੍ਹਾਂ ਦੇ ਛੇ ਪੈਰ ਹਨ ਜਿਨ੍ਹਾਂ ’ਤੇ ਉਹ ਰੇਂਗਦੇ ਹਨ; ਅਤੇ ਜਦੋਂ ਉਹ ਪਾਣੀ ਵਿੱਚ ਤੈਰ ਰਹੇ ਹੁੰਦੇ ਹਨ ਤਾਂ ਉਹ ਹੇਠਾਂ ਤੋਂ ਅਣਜਾਣੇ ਵਿੱਚ ਆਦਮੀਆਂ ਨੂੰ ਨਿਗਲ ਜਾਂਦੇ ਹਨ। ਉਹ ਦਰਿਆ ਦੇ ਕੰਢੇ ਪਾਣੀ ਪੀਂਦੇ ਹੋਏ ਬਲਦਾਂ, ਮੱਝਾਂ, ਭੇਡਾਂ ਅਤੇ ਹੋਰ ਜਾਨਵਰਾਂ ਨੂੰ ਪੈਰਾਂ ਤੋਂ ਫੜ ਕੇ ਪਾਣੀ ਅੰਦਰ ਖਿੱਚ ਲੈਂਦੇ ਹਨ। ਅਗਿਆਨੀ ਲੋਕ ਇਸੇ ਦਰਿਆ ਨੂੰ ਲਾਗਲੇ ਪਿੰਡ ਤੋਂ ‘ਮਾਛੀਵਾੜਾ’ ਆਖਦੇ ਹਨ।

ਪੰਜਾਬ ਦੇ ਇਤਿਹਾਸ ਵਿਚ ਵੀ ਮਾਛੀਵਾੜਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਜੁੜੇ ਹੋਣ ਕਰਕੇ ਪ੍ਰਸਿੱਧ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਸੁਪ੍ਰਸਿੱਧ ਗ੍ਰੰਥ ਮਹਾਨ ਕੋਸ਼ ਵਿਚ ਦਰਜ ਹੈ ਕਿ ‘‘ਇੱਥੇ [ਮਾਛੀਵਾੜੇ] ਗੁਲਾਬ ਚੰਦ ਮਸੰਦ ਦੇ ਘਰ ਚਮਕੌਰ ਤੋਂ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਸੰਮਤ 1761 ਵਿਚ ਠਹਿਰੇ ਸਨ। ਇਸੇ ਥਾਂ ਨੀਲਾਬਾਣਾ ਧਾਰਕੇ ਉੱਚ ਦੇ ਪੀਰ ਬਣੇ ਸਨ। ਗਨੀ ਖਾਂ ਅਤੇ ਨਬੀ ਖਾਂ ਪਠਾਣ ਇਸੇ ਪਿੰਡ ਦੇ ਵਸਨੀਕ ਸਨ, ਜਿਨ੍ਹਾਂ ਨੇ ਕਲਗੀਧਰ ਦੀ ਤਨਮਨ ਤੋਂ ਸੇਵਾ ਕੀਤੀ ਅਰ ਕਈ ਮੰਜ਼ਿਲ ਗੁਰੂ ਸਾਹਿਬ ਦਾ ਪਲੰਘ ਉਠਾਕੇ ਲੈ ਗਏ। ਉਨ੍ਹਾਂ ਨੂੰ ਜੋ ਹੁਕਮਨਾਮਾ ਸਤਿਗੁਰੂ ਨੇ ਬਖ਼ਸ਼ਿਆ ਹੈ ਉਹ ਹੁਣ ਉਨ੍ਹਾਂ ਦੀ ਔਲਾਦ ਪਾਸ ਹੈ।’’

ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਨਵੇਂ ਸੰਪੂਰਨ ਮਹਾਨ ਕੋਸ਼ ਦੀ ਚੌਥੀ ਜਿਲਦ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਮਾਛੀਵਾੜੇ ਵਿਖੇ 8 ਦਿਸੰਬਰ 1705 ਤੋਂ 10 ਦਿਸੰਬਰ 1705 ਤੀਕ ਭਾਈ ਜੀਵਨ ਸਿੰਘ ਦੇ ਚੋਬਾਰੇ ਵਿਚ ਰਹੇ ਸਨ। ਆਮ ਵਿਸ਼ਵਾਸ ਹੈ ਕਿ ਦਸਮ ਗ੍ਰੰਥ ਵਿਚ ਦਰਜ ਸ਼ਬਦ ‘‘ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’’ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲ ਵਿਚ ਰਚਿਆ ਸੀ। ਪਰ ਇਸ ਬਾਰੇ ਅੰਤਮ ਰੂਪ ਵਿਚ ਕੁਝ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਹੁਣ ਅਨੇਕਾਂ ਵਿਦਵਾਨ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਲਿਖਤ ਹੀ ਪ੍ਰਵਾਨ ਨਹੀਂ ਕਰਦੇ।

ਅਫ਼ਗ਼ਾਨਿਸਤਾਨ ਦਾ ਹਾਕਮ ਅਹਿਮਦ ਸ਼ਾਹ ਅਬਦਾਲੀ 1748 ਵਿਚ ਮੁਗ਼ਲ ਰਾਜ ’ਤੇ ਹਮਲੇ ਸਮੇਂ ਜਦੋਂ ਫਿਲੌਰ ਤੀਕ ਪੁੱਜ ਗਿਆ ਤਾਂ ਮੁਗ਼ਲਾਂ ਦਾ ਖ਼ਿਆਲ ਸੀ ਕਿ ਉਹ ਸਤਲੁਜ ਮਾਛੀਵਾੜੇ ਤੋਂ ਪਾਰ ਕਰੇਗਾ। ਇਹ ਸੋਚ ਕੇ ਉਨ੍ਹਾਂ ਨੇ ਸ਼ਾਹੀ ਫੌਜ ਇੱਥੇ ਜਮ੍ਹਾ ਕਰ ਲਈ। ਪਰ ਬਾਅਦ ਵਿਚ ਪਤਾ ਲੱਗਾ ਕਿ ਅਬਦਾਲੀ ਨੇ ਤਾਂ ਸਤਲੁਜ ਦਰਿਆ ਲੁਧਿਆਣੇ ਕੋਲੋਂ ਪਾਰ ਕਰ ਲਿਆ ਹੈ। ਸ਼ਾਹੀ ਫ਼ੌਜ ਦੁਸ਼ਮਣ ਦੀ ਭਾਲ ਵਿਚ ਦਰਿਆ ਦੇ ਕੰਢੇ ਦੇ ਨਾਲ ਨਾਲ ਕੂਚ ਕਰਦੀ ਹੋਈ ਲੁਧਿਆਣੇ ਵੱਲ ਵਧਣ ਲੱਗੀ ਤਾਂ ਪਤਾ ਲੱਗਾ ਕਿ ਅਬਦਾਲੀ ਦੀਆਂ ਫ਼ੌਜਾਂ ਨੇ ਤਾਂ ਸਰਹਿੰਦ ਵੀ ਪਾਰ ਕਰ ਲਿਆ ਹੈ।

ਆਈਨ-ਏ-ਅਕਬਰੀ ਵਿਚ ਮਾਛੀਵਾੜੇ ਵਿਖੇ ਇੱਟਾਂ ਦੇ ਕਿਲ੍ਹੇ ਦੀ ਹੋਂਦ ਵੀ ਦਰਜ ਹੈ ਪਰ ਹੁਣ ਇੱਥੇ ਕੋਈ ਕਿਲ੍ਹਾ ਨਹੀਂ ਹੈ। 1888-89 ਵਿਚ ਚਾਰਲਸ ਰੌਜ਼ਰਸ ਨੇ ਲਿਖਿਆ ਸੀ ਕਿ ਉਸ ਸਮੇਂ ਬਾਦਸ਼ਾਹੀ ਕਿਲ੍ਹੇ ਦੇ ਬਚੇ ਹੋਏ ਟਿੱਲੇ ਨੂੰ ਤੁੰਗਾ ਟਿੱਬਾ ਕਿਹਾ ਜਾਂਦਾ ਸੀ। ਕਿਲ੍ਹੇ ਦੀਆਂ ਕੰਧਾਂ ਬਹੁਤ ਸਮਾਂ ਪਹਿਲਾਂ ਅਲੋਪ ਹੋ ਚੁੱਕੀਆਂ ਸਨ। ਰੌਜ਼ਰਸ ਕਸਬੇ ਦੇ ਪੱਛਮ ਵਿਚ ਕਿਸੇ ਸੋਢੀ ਕਿਲੇ ਦੇ ਖੰਡਰਾਂ ਦਾ ਜ਼ਿਕਰ ਵੀ ਕਰਦਾ ਹੈ। ਉਸ ਦੇ ਮੁਤਾਬਿਕ ਅੰਗਰੇਜ਼ਾਂ ਦੇ ਕਬਜ਼ੇ ਸਮੇਂ ਸੋਢੀ ਸਰਦਾਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਸੀ। ਨਤੀਜੇ ਵਜੋਂ ਉਨ੍ਹਾਂ ਨੂੰ ਹਰਾ ਕੇ ਜਾਇਦਾਦਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਸੀ ਅਤੇ ਜਾਣਬੁੱਝ ਕੇ ਉਨ੍ਹਾਂ ਦੀ ਰਿਹਾਇਸ਼ ਨੂੰ ਖੰਡਰ ਬਣ ਜਾਣ ਦਿੱਤਾ।

ਆਈਨ-ਏ-ਅਕਬਰੀ ਵਿਚ ਇਹ ਵੀ ਲਿਖਿਆ ਮਿਲਦਾ ਹੈ ਕਿ ਮਾਛੀਵਾੜੇ ਦੇ ਵਸਨੀਕ ਖੌਰੀ ਅਤੇ ਵਾਹ ਲੋਕ ਰਹਿੰਦੇ ਸਨ, ਜੋ ਸ਼ਾਇਦ ਉਨ੍ਹਾਂ ਦੇ ਕਬੀਲਿਆਂ ਦੇ ਨਾਂ ਸਨ। 2011 ਦੀ ਮਰਦਮਸ਼ੁਮਾਰੀ ਸਮੇਂ ਇਸ ਕਸਬੇ ਦੀ ਆਬਾਦੀ 24,916 ਸੀ ਜਿਨ੍ਹਾਂ ਵਿਚੋਂ ਬਹੁਤੇ ਧਾਲੀਵਾਲ, ਰਾਠੌੜ ਅਤੇ ਵੜੈਚ ਜੱਟ ਸਨ।

ਹੁਣ ਮਾਛੀਵਾੜਾ ਵੀਹ ਕੁ ਹਜ਼ਾਰ ਦੀ ਵਸੋਂ ਵਾਲਾ ਕਸਬਾ ਹੈ। ਇੱਥੇ ਪੁੱਜਣ ਲਈ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਸ਼ਹਿਰ ਸਮਰਾਲੇ ਤੋਂ ਉੱਤਰ ਵੱਲ ਨੂੰ ਮੁੜਨਾ ਪੈਂਦਾ ਹੈ। ਸਤਲੁਜ ਦਾ ਵਰਤਮਾਨ ਵਹਿਣ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਜਦ ਮੈਂ ਪਹਿਲੀ ਵਾਰ 1980 ਵਿਚ ਇੱਥੇ ਗਿਆ ਸੀ ਤਾਂ ਦਰਿਆ ਉੱਪਰ ਕੋਈ ਪੁਲ਼ ਨਹੀਂ ਸੀ ਅਤੇ ਦੂਜੇ ਪਾਸੇ ਸਥਿਤ ਕਸਬੇ ਰਾਹੋਂ ਜਾਣ ਲਈ ਵਲ਼ ਪਾ ਕੇ ਲੁਧਿਆਣੇ ਵਿਚਦੀ ਜਾਣਾ ਪੈਂਦਾ ਸੀ ਪਰ ਹੁਣ ਪੱਕੇ ਪੁਲ਼ ਨੇ ਦਰਿਆ ਲੰਘਣਾ ਸੁਖਾਲ਼ਾ ਕਰ ਦਿੱਤਾ ਹੈ।

Leave a Reply

error: Content is protected !!