ਦੇਸ਼-ਵਿਦੇਸ਼

ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਵੱਲੋਂ ਕੱਢਿਆ ਗਿਆ ‘ਦਸਤਾਰ ਜਾਗਰੂਕਤਾ ਮਾਰਚ’

ਮੈਲਬੌਰਨ : ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਵੱਲੋਂ ਐਤਵਾਰ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਿਪਤ ਦਸਤਾਰ ਜਾਗਰੂਕਤਾ ਮਾਰਚ ਕੱਢਿਆ ਗਿਆ ਜੋ ਕਿ ਮੈਲਬੌਰਨ ਦੇ ਦੱਖਣ ਪੂਰਬ ਚ ਸਥਿਤ ਗੁਰਦੁਆਰਾ ਕੀਜ਼ਬਰੋ ਤੋਂ ਸ਼ੁਰੂ ਹੋ ਕੇ ਉਤਰ ਪੱਛਮ ਵਿਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿੱਖੇ ਸਮਾਪਤ ਹੋਇਆ। 80 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਗੁਰਦੁਆਰਾ ਸਾਹਿਬ ਕੀਜਬਰੋ ਵਿਖੇ ਅਰਦਾਸ ਮਗਰੋਂ ਇਹ ਮਾਰਚ ਸ਼ੁਰੂ ਕੀਤਾ ਤੇ ਕਰੀਬ ਇੱਕ ਘੰਟੇ ਤੋਂ ਉਪਰ ਦਾ ਸਮਾਂ ਤੈਅ ਕਰਦਿਆਂ ਮੈਲਬੌਰਨ ਦੇ ਵੱਖ-ਵੱਖ ਹਿਸਿਆਂ ‘ਚੋਂ ਹੁੰਦੇ ਹੋਏ ਇਹ ਮਾਰਚ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਪੁੱਜਿਆ।

ਜਿੱਥੇ ਖਾਲਸਾ ਛਾਉਣੀ ਪਲੰਪਟਨ ਦੇ ਮੁੱਖ ਸੇਵਾਦਾਰ ਗਿਆਨੀ ਅਵਤਾਰ ਸਿੰਘ ਜੀ ਨੇ ਸਿੱਖ ਮੋਟਸਾਈਕਲ ਸਵਾਰਾਂ ਦੇ ਜੱਥੇ ਨੂੰ ਜੀ ਆਇਆਂ ਕਿਹਾ। ਇਸ ਮੌਕੇ ਮੈਲਟਨ ਹਲਕੇ ਤੋਂ ਸਟੇਟ ਮੈਂਬਰ ਪਾਰਲੀਮੈਂਟ ਸਟੀਵ ਮੈਕਈ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਉਹਨਾਂ ਜਿੱਥੇ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ, ਉੱਥੇ ਹੀ ਸਿੱਖ ਮੋਟਰਸਾਈਕਲ ਕਲੱਬ ਦੇ ਮੈਬਰਾਂ ਨੂੰ ਵੀ ਮਿਲੇ ਤੇ ਉਹਨਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਮੋਟਰਸਾਈਕਲ ਕਲੱਬ ਦੇ ਮੈਬਰਾਂ ਨੇ ਸਾਂਝੇ ਰੂਪ ਵਿੱਚ ਦਸਿਆ ਕਿ ਇਹ ਮਾਰਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ ਤੇ ਅੱਜ ਦੇ ਦਿਨ ਹੀ ਦਸਤਾਰ ਮੁਹਿੰਮ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਆਸਟ੍ਰੇਲੀਆ ਵਿੱਚ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਜਾਵੇ। ਇਸ ਬਾਬਤ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਖਾਲਸਾ ਛਾਉਣੀ ਵਿਖੇ ਵਿੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਗਤਕੇ ਦੇ ਜੌਹਰ ਵੀ ਵਿਖਾਏ ਗਏ। ਇਸ ਮੌਕੇ ਖਾਲਸਾ ਏਡ ਆਸਟ੍ਰੇਲੀਆ ਵੱਲੋਂ ਦਸਤਾਰਾਂ ਦੀ ਸੇਵਾ ਕੀਤੀ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-